- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਵਿਚ 24 ਘੰਟੇ ਐਮਰਜੈਂਸੀ ਨਾਗਰਿਕ ਹੈਲਪਲਾਈਨ ਦੀ ਸਹੂਲਤ ਵੀ ਦਿੱਤੀ ਗਈ ਹੈ ਜਿਸ ਰਾਹੀਂ ਆਮ ਨਾਗਰਿਕਾਂ ਤੇ ਸ਼ਰਧਾਲੂਆਂ ਨੂੰ ਤੁਰੰਤ ਸਹਾਇਤਾ ਅਤੇ ਸੰਕਟ ਨਿਵਾਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਸਟੇਟ ਬਿਊਰੋ, ਸ੍ਰੀਨਗਰ : ਆਗਾਮੀ ਸ਼੍ਰੀ ਅਮਰਨਾਥਜੀ ਯਾਤਰਾ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਗਾਂਦਰਬਲ ਦੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਕੰਪਲੈਕਸ 'ਚ ਜ਼ਿਲ੍ਹਾ ਐਮਰਜੈਂਸੀ ਓਪਰੇਸ਼ਨ ਸੈਂਟਰ (ਈਓਸੀ) ਤੇ ਸ਼੍ਰੀ ਅਮਰਨਾਥਜੀ ਯਾਤਰਾ ਕੰਟਰੋਲ ਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਨਾਲ ਲੈਸ ਇਹ ਸਹੂਲਤਾਂ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸੁਰੱਖਿਅਤ, ਸੁਖਾਲੀ ਤੇ ਨਿਰਵਿਘਨ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੀਆਂ।
ਉਪ-ਰਾਜਪਾਲ ਨੇ ਕਿਹਾ ਕਿ ਪ੍ਰਸ਼ਾਸਨ ਦਾ ਟੀਚਾ ਸ਼ਰਧਾਲੂਆਂ ਨੂੰ ਬਿਹਤਰ ਸੁਰੱਖਿਆ, ਤੁਰੰਤ ਸਹਾਇਤਾ ਤੇ ਪ੍ਰਭਾਵਸ਼ਾਲੀ ਆਫ਼ਤ ਪ੍ਰਬੰਧਨ ਸੇਵਾਵਾਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵਾਂ ਓਪਰੇਸ਼ਨ ਸੈਂਟਰ ਵੱਖ-ਵੱਖ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰ ਕੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਤੇਜ਼ੀ ਨਾਲ ਨਜਿੱਠਣ ਯੋਗ ਹੋਵੇਗਾ।
ਇਸ ਦੌਰਾਨ ਗਾਂਦਰਬਲ ਦੇ ਡਿਪਟੀ ਕਮਿਸ਼ਨਰ ਜਤਿਨ ਕਿਸ਼ੋਰ ਨੇ ਉਪ ਰਾਜਪਾਲ ਨੂੰ ਕੇਂਦਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਇਸ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅਤਿ-ਆਧੁਨਿਕ ਕੇਂਦਰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਜ਼ਿਲ੍ਹੇ ਭਰ ਵਿੱਚ ਸਥਾਪਤ ਕੀਤੇ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਇਕ ਕੇਂਦਰੀ ਪਲੇਟਫਾਰਮ 'ਤੇ ਇਕੱਠਾ ਕਰਦਾ ਹੈ ਜਿਸ ਨਾਲ ਰੀਅਲ-ਟਾਈਮ ਨਿਗਰਾਨੀ ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇਗੀ।
ਕੇਂਦਰ ਵਿਚ 24 ਘੰਟੇ ਐਮਰਜੈਂਸੀ ਨਾਗਰਿਕ ਹੈਲਪਲਾਈਨ ਦੀ ਸਹੂਲਤ ਵੀ ਦਿੱਤੀ ਗਈ ਹੈ ਜਿਸ ਰਾਹੀਂ ਆਮ ਨਾਗਰਿਕਾਂ ਤੇ ਸ਼ਰਧਾਲੂਆਂ ਨੂੰ ਤੁਰੰਤ ਸਹਾਇਤਾ ਅਤੇ ਸੰਕਟ ਨਿਵਾਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਵਿਸ਼ੇਸ਼ ਤੌਰ 'ਤੇ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਦੀ ਸਾਲਾਨਾ ਤੀਰਥ ਯਾਤਰਾ ਦੀ ਸੁਰੱਖਿਆ ਤੇ ਪ੍ਰਬੰਧਨ ਨੂੰ ਧਿਆਨ 'ਚ ਰੱਖਦੇ ਹੋਏ ਐਮਰਜੈਂਸੀ ਓਪਰੇਸ਼ਨ ਸੈਂਟਰ ਨੂੰ ਬਾਲਟਾਲ ਬੇਸ ਕੈਂਪ, ਬਾਲਟਾਲ ਰੂਟ, ਪਾਰਕਿੰਗ ਖੇਤਰਾਂ, ਸੋਨਮਰਗ ਤੇ ਮਣੀਗਾਮ ਟ੍ਰਾਂਜ਼ਿਟ ਕੈਂਪ 'ਚ ਸਥਾਪਤ ਸੀਸੀਟੀਵੀ ਨੈੱਟਵਰਕ ਨਾਲ ਜੋੜਿਆ ਗਿਆ ਹੈ। ਇਸ ਨਾਲ ਯਾਤਰਾ ਰੂਟ 'ਤੇ ਹੋਣ ਵਾਲੀਆਂ ਗਤੀਵਿਧੀਆਂ ਦੀ ਲਗਾਤਾਰ ਨਿਗਰਾਨੀ ਸੰਭਵ ਹੋਵੇਗੀ ਤੇ ਕਿਸੇ ਵੀ ਚੁਣੌਤੀਪੂਰਨ ਸਥਿਤੀ ਵਿੱਚ ਤੁਰੰਤ ਫ਼ੈਸਲਾ ਲਿਆ ਜਾ ਸਕੇਗਾ।
ਅਧਿਕਾਰੀਆਂ ਅਨੁਸਾਰ ਇਹ ਕੇਂਦਰ ਸਾਲਾਨਾ ਸ਼੍ਰੀ ਅਮਰਨਾਥਜੀ ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਨ, ਟ੍ਰੈਫਿਕ ਕੰਟਰੋਲ, ਭੀੜ ਪ੍ਰਬੰਧਨ, ਆਫ਼ਤ ਪ੍ਰਬੰਧਨ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਆਧੁਨਿਕ ਤਕਨੀਕ 'ਤੇ ਅਧਾਰਤ ਇਹ ਪਹਿਲਕਦਮੀ ਯਾਤਰਾ ਦੇ ਸੰਚਾਲਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।