ਪਦਮਜੀਤ ਮਹਿਤਾ ਦਾ ਨਗਰ ਨਿਗਮ ਚੇਅਰਮੈਨ ਬਣਨਾ ਤੈਅ, ਜਨਰਲ ਵਰਗ ਦੇ ਮੇਅਰ ਲਈ ਨੋਟੀਫਿਕੇਸ਼ਨ ਜਾਰੀ
ਪਦਮਜੀਤ ਮਹਿਤਾ ਦਾ ਨਗਰ ਨਿਗਮ ਚੇਅਰਮੈਨ ਬਣਨਾ ਤੈਅ, ਜਨਰਲ ਵਰਗ ਦੇ ਮੇਅਰ ਲਈ ਨੋਟੀਫਿਕੇਸ਼ਨ ਜਾਰੀ
Publish Date: Sat, 06 Jun 2026 03:40 PM (IST)
Updated Date: Sat, 06 Jun 2026 03:41 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਨਗਰ ਨਿਗਮ ਵਿਚ ਮੇਅਰ ਅਹੁਦੇ ਨੂੰ ਲੈ ਕੇ ਚੱਲ ਰਹੀ ਸਿਆਸੀ ਅਟਕਲਬਾਜ਼ੀ ਹੁਣ ਲਗਪਗ ਖਤਮ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਬਠਿੰਡਾ ਨਗਰ ਨਿਗਮ ਦਾ ਮੇਅਰ ਜਨਰਲ ਵਰਗ ਵਿਚੋਂ ਹੀ ਬਣੇਗਾ। ਇਸ ਫੈਸਲੇ ਨਾਲ ਸਿਆਸੀ ਗਲਿਆਰਿਆਂ ਵਿਚ ਚੱਲ ਰਹੀਆਂ ਅਫਵਾਹਾਂ ‘ਤੇ ਵੀ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। ਹੁਣ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਪਦਮਜੀਤ ਮਹਿਤਾ ਦਾ ਮੁੜ ਮੇਅਰ ਬਣਨਾ ਹੁਣ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਮਹਿਤਾ ਦੀ 9 ਜੂਨ ਤਕ ਮੇਅਰ ਵਜੋਂ ਤਾਜ਼ਪੋਸ਼ੀ ਹੋ ਸਕਦੀ ਹੈ ਅਤੇ ਉਹ ਆਪਣਾ ਅਹੁਦਾ ਸੰਭਾਲ ਸਕਦੇ ਹਨ। ਆਮ ਆਦਮੀ ਪਾਰਟੀ ਵੱਲੋਂ 12 ਜੂਨ ਨੂੰ ਬਠਿੰਡਾ ਸ਼ਹਿਰ ਅੰਦਰ ਰੋਡ ਸ਼ੋਅ ਵੀ ਰੱਖਿਆ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਪਾਰਟੀ ਅੰਦਰ ਮਹਿਤਾ ਦੇ ਮੇਅਰ ਬਣਨ ਦੇ ਫੈਸਲੇ ਨੂੰ ਲੈ ਕੇ ਸਹਿਮਤੀ ਦਾ ਮਾਹੌਲ ਬਣਿਆ ਹੋਇਆ ਹੈ। ਹਾਲ ਹੀ ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 50 ਵਿਚੋਂ 35 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਇਸ ਜਿੱਤ ਤੋਂ ਬਾਅਦ ਪਾਰਟੀ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਪਾਰਟੀ ਦਾ ਮੰਨਣਾ ਹੈ ਕਿ ਨਵੀਂ ਟੀਮ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਲਿਆਏਗੀ। ਪਿਛਲੇ ਕੁਝ ਦਿਨਾਂ ਤੋਂ ਮੇਅਰ ਦੇ ਅਹੁਦੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਸਨ। ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਮੇਅਰ ਅਹੁਦਾ ਪਛੜੀਆਂ ਸ੍ਰੇਣੀਆਂ ਜਾਂ ਜਨਰਲ ਵਰਗ ਦੀ ਮਹਿਲਾ ਲਈ ਰਾਖਵਾਂ ਕੀਤਾ ਜਾ ਸਕਦਾ ਹੈ। ਪਰ ਹੁਣ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੇ ਸਾਰੀ ਗਲਤਫਹਮੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਅਹੁਦਾ ਜਨਰਲ ਵਰਗ ਲਈ ਹੀ ਹੋਵੇਗਾ। ਸਥਾਨਕ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਦਮਜੀਤ ਮਹਿਤਾ ਨੌਜਵਾਨ ਅਤੇ ਸਰਗਰਮ ਆਗੂ ਵਜੋਂ ਪਾਰਟੀ ਵਿਚ ਮਜ਼ਬੂਤ ਪਛਾਣ ਰੱਖਦੇ ਹਨ। ਉਨ੍ਹਾਂ ਦਾ ਪਰਿਵਾਰ ਵਪਾਰਕ ਖੇਤਰ ਵਿੱਚ ਚੰਗੀ ਪਕੜ ਰੱਖਦਾ ਹੈ ਅਤੇ ਸ਼ਹਿਰ ਦੇ ਵੱਖ-ਵੱਖ ਵਰਗਾਂ ਵਿੱਚ ਉਨ੍ਹਾਂ ਦੀ ਪਹੁੰਚ ਵੀ ਮਜ਼ਬੂਤ ਮੰਨੀ ਜਾਂਦੀ ਹੈ। ਖਾਸ ਕਰਕੇ ਹਿੰਦੂ ਭਾਈਚਾਰੇ ਵਿੱਚ ਉਨ੍ਹਾਂ ਦਾ ਪ੍ਰਭਾਵ ਕਾਫੀ ਵਧੀਆ ਦੱਸਿਆ ਜਾਂਦਾ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਸ਼ਹਿਰ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਜ਼ਿੰਮੇਵਾਰੀਆਂ ਵੀ ਵੱਖ-ਵੱਖ ਵਰਗਾਂ ਵਿੱਚ ਵੰਡ ਸਕਦੀ ਹੈ। ਇਸ ਅਨੁਸਾਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਅਨੁਸੂਚਿਤ ਜਾਤੀ ਵਰਗ ਨੂੰ ਅਤੇ ਡਿਪਟੀ ਮੇਅਰ ਦਾ ਅਹੁਦਾ ਪਛੜੀਆਂ ਸ੍ਰੇਣੀਆਂ ਵਿੱਚੋਂ ਦਿੱਤਾ ਜਾ ਸਕਦਾ ਹੈ। ਲੋਕਾਂ ਨੂੰ ਉਮੀਦ ਹੈ ਕਿ ਨਵੀਂ ਨਿਗਮ ਟੀਮ ਸ਼ਹਿਰ ਦੇ ਵਿਕਾਸ ਕਾਰਜਾਂ, ਸਫਾਈ ਪ੍ਰਬੰਧ, ਸੜਕਾਂ ਦੀ ਹਾਲਤ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਵੱਲ ਧਿਆਨ ਦੇਵੇਗੀ। ਹਰ ਭਾਈਚਾਰੇ ਨੂੰ ਪ੍ਰਤੀਨਿਧਤਾ ਦੇਣ ’ਤੇ ਕੰਮ ਕਰ ਰਹੀ ਪਾਰਟੀ ਬਠਿੰਡਾ ਨਗਰ ਨਿਗਮ ਵਿੱਚ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਨੂੰ ਲੈ ਕੇ ਪਾਰਟੀ ਵੱਲੋਂ ਲੀਡਰਸ਼ਿਪ ਵਿੱਚ ਵੱਖ-ਵੱਖ ਸਮਾਜਿਕ ਵਰਗਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਕੇਂਦਰ ਐਸਸੀ ਭਾਈਚਾਰੇ ਨੂੰ ਉਚਿਤ ਪ੍ਰਤੀਨਿਧਤਾ ਦੇਣਾ ਹੈ। ਇਸ ਰਣਨੀਤੀ ਤਹਿਤ ਡਿਪਟੀ ਮੇਅਰ ਦਾ ਅਹੁਦਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਇੱਕ ਸਰਗਰਮ ਕੌਂਸਲਰ ਨੂੰ ਦਿੱਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਰਟੀ ਸੂਤਰਾਂ ਅਨੁਸਾਰ ਇਸ ਦੌੜ ਵਿੱਚ ਕੌਂਸਲਰ ਰਤਨ ਰਾਹੀ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਰਾਹੀ ਲਗਾਤਾਰ ਦੋ ਵਾਰ ਕੌਂਸਲਰ ਚੁਣੇ ਜਾ ਚੁੱਕੇ ਹਨ ਅਤੇ ਸੰਗਠਨਾਤਮਕ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਸਾਬਕਾ ਮੇਅਰ ਪਦਮਜੀਤ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਅਮਰਜੀਤ ਮਹਿਤਾ ਦੇ ਨੇੜੇ ਵੀ ਮੰਨਿਆ ਜਾਂਦਾ ਹੈ। ਆਪ ਆਗੂ ਸਾਲ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਤਿੰਨਾਂ ਅਹੁਦਿਆਂ ਰਾਹੀਂ ਹਿੰਦੂ, ਸਿੱਖ, ਓਬੀਸੀ, ਮਹਿਲਾਵਾਂ ਅਤੇ ਐਸਸੀ ਭਾਈਚਾਰੇ ਵਿਚਕਾਰ ਸੰਤੁਲਨ ਬਣਾਉਣਾ ਚਾਹੁੰਦੇ ਹਨ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਵਿਧਾਨ ਸਭਾ ਦੇ ਸਪੀਕਰ ਦੀ ਸੱਸ ਹਰਬੰਸ ਕੌਰ ਅਤੇ ਮਨਦੀਪ ਕੌਰ (ਰਾਮਗੜ੍ਹੀਆ) ਦਾ ਨਾਮ ਵੀ ਚਰਚਾ ਵਿੱਚ ਹੈ। 2027 ਵਿਧਾਨ ਸਭਾ ਚੋਣਾਂ ਵੱਲ ਨਜ਼ਰ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਠਿੰਡਾ ਨਗਰ ਨਿਗਮ ਦੀ ਨਵੀਂ ਟੀਮ ਨੂੰ ਸਿਰਫ਼ ਸਥਾਨਕ ਪ੍ਰਸ਼ਾਸਨਿਕ ਇਕਾਈ ਵਜੋਂ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਨੂੰ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਲਈ ਇਕ ਰਣਨੀਤਿਕ “ਟ੍ਰਾਇਲ ਰਨ” ਵਜੋਂ ਵੀ ਸਮਝਿਆ ਜਾ ਰਿਹਾ ਹੈ। ਮਾਲਵਾ ਖੇਤਰ ਵਿੱਚ ਬਠਿੰਡਾ ਦੀ ਵਿਸ਼ੇਸ਼ ਸਿਆਸੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਲਈ ਸ਼ਹਿਰੀ ਸੰਗਠਨ ਨੂੰ ਮਜ਼ਬੂਤ ਕਰਨਾ ਪ੍ਰਾਥਮਿਕਤਾ ਬਣਿਆ ਹੋਇਆ ਹੈ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਨਵੀਂ ਨਗਰ ਨਿਗਮ ਟੀਮ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਰਾਜਨੀਤਿਕ ਵਿਸਥਾਰ ਦਾ ਚਿਹਰਾ ਬਣੇਗੀ ਅਤੇ ਇਸ ਦੀ ਕਾਰਗੁਜ਼ਾਰੀ 2027 ਦੀਆਂ ਚੋਣਾਂ ‘ਤੇ ਸਿੱਧਾ ਅਸਰ ਪਾ ਸਕਦੀ ਹੈ। ਨਗਰ ਨਿਗਮ ਚੋਣਾਂ ਜਿੱਤਣ ਬਾਅਦ ਪਾਰਟੀ ਸ਼ਹਿਰ ਅੰਦਰ ਮਜ਼ਬੂਤ ਹੋਈ ਹੈ।