ਫਰੀਦਕੋਟ ਖੇਤਰ 'ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ
ਫਰੀਦਕੋਟ ਖੇਤਰ 'ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ
Publish Date: Fri, 05 Jun 2026 04:27 PM (IST)
Updated Date: Sat, 06 Jun 2026 04:02 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਸ਼ਡਿਊਲ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ। ਖੇਤਾਂ ਵਿੱਚ ਹਰ ਪਾਸੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਕਿਸਾਨਾਂ ਵੱਲੋਂ ਪਾਣੀ ਛੱਡ ਕੇ ਕੱਦੂ ਕੀਤੇ ਖੇਤਾਂ ਵਿੱਚ ਪਨੀਰੀ ਲਾਉਣ ਦਾ ਸਿਲਸਿਲਾ ਆਰੰਭ ਦਿੱਤਾ ਗਿਆ ਹੈ। ਇਸ ਵਾਰ ਸੀਜ਼ਨ ਦੀ ਸ਼ੁਰੂਆਤ ਦੌਰਾਨ ਖੇਤਾਂ ਵਿੱਚ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਸਥਾਨਕ ਮਜ਼ਦੂਰ ਵਰਗ ਇਸ ਸੀਜ਼ਨ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ, ਪਿਛਲੇ ਕੁਝ ਸਮੇਂ ਤੋਂ ਮੰਦਹਾਲੀ ਦਾ ਸਾਹਮਣਾ ਕਰ ਰਹੇ ਸਥਾਨਕ ਪਿੰਡਾਂ ਦੇ ਮਜ਼ਦੂਰਾਂ ਲਈ ਝੋਨੇ ਦਾ ਇਹ ਸੀਜ਼ਨ ਰੁਜ਼ਗਾਰ ਦੀ ਵੱਡੀ ਉਮੀਦ ਲੈ ਕੇ ਆਇਆ ਹੈ। ਸਥਾਨਕ ਲੇਬਰ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਹੀ ਕੰਮ ਮਿਲਣ ਕਾਰਨ ਉਨ੍ਹਾਂ ਨੂੰ ਹੁਣ ਰੁਜ਼ਗਾਰ ਲਈ ਭਟਕਣਾ ਨਹੀਂ ਪਵੇਗਾ ਅਤੇ ਉਹ ਖੁਸ਼ ਹਨ ਕਿ ਇਸ ਵਾਰ ਉਨ੍ਹਾਂ ਦੀ ਕਮਾਈ ਚੰਗੀ ਹੋਵੇਗੀ। ਕਈ ਪਿੰਡਾਂ ਵਿੱਚ ਸਥਾਨਕ ਮਜ਼ਦੂਰਾਂ ਨੇ ਟੋਲੀਆਂ ਬਣਾ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਲਿਆ ਹੈ। ਸਰਕਾਰ ਵੱਲੋਂ ਖੇਤੀ ਸੈਕਟਰ ਲਈ ਬਿਜਲੀ ਅਤੇ ਨਹਿਰੀ ਪਾਣੀ ਦੇ ਪ੍ਰਬੰਧਾਂ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਲੋੜੀਂਦੀ ਸਪਲਾਈ ਵੀ ਮਿਲ ਰਹੀ ਹੈ, ਪਰ ਸਾਰਾ ਦਾਰੋਮਦਾਰ ਹੁਣ ਲੇਬਰ ਦੀ ਉਪਲਬਧਤਾ 'ਤੇ ਹੀ ਟਿਕਿਆ ਹੋਇਆ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਉਂ-ਜਿਉਂ ਲਵਾਈ ਦਾ ਜ਼ੋਰ ਵਧੇਗਾ, ਟ੍ਰੇਨਾਂ ਰਾਹੀਂ ਹੋਰ ਪਰਵਾਸੀ ਮਜ਼ਦੂਰ ਵੀ ਪੰਜਾਬ ਪਹੁੰਚਣਗੇ, ਤਾਂ ਜੋ ਇਸ ਸਮੱਸਿਆ ਤੋਂ ਕੁਝ ਰਾਹਤ ਮਿਲ ਸਕੇ। ਫਿਲਹਾਲ, ਫਰੀਦਕੋਟ ਦੇ ਖੇਤਾਂ ਵਿੱਚ ਕਿਸਾਨ ਸਥਾਨਕ ਲੇਬਰ ਦੇ ਸਹਾਰੇ ਹੀ ਆਪੋ-ਆਪਣੇ ਅੰਨ ਦੇ ਭੰਡਾਰ ਭਰਨ ਦੀ ਤਿਆਰੀ ਵਿੱਚ ਜੁਟ ਗਏ ਹਨ।
ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ
ਦੂਜੇ ਪਾਸੇ, ਫਰੀਦਕੋਟ ਦੇ ਕਿਸਾਨਾਂ ਲਈ ਇਸ ਵਾਰ ਲੇਬਰ ਦਾ ਪ੍ਰਬੰਧ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਇਸ ਵਾਰ ਕਾਫ਼ੀ ਘੱਟ ਦੇਖਣ ਨੂੰ ਮਿਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ: "ਬਾਹਰੋਂ ਲੇਬਰ ਘੱਟ ਆਉਣ ਕਰਕੇ ਝੋਨਾ ਲਵਾਈ ਦੇ ਰੇਟ ਵੀ ਵਧਣ ਦਾ ਖਦਸ਼ਾ ਹੈ। ਜੇਕਰ ਸਮੇਂ ਸਿਰ ਪੂਰੀ ਲੇਬਰ ਨਾ ਮਿਲੀ, ਤਾਂ ਪਨੀਰੀ (ਵੱਡੀ) ਹੋ ਜਾਵੇਗੀ, ਜਿਸ ਨਾਲ ਝੋਨੇ ਦੇ ਝਾੜ 'ਤੇ ਮਾੜਾ ਅਸਰ ਪੈ ਸਕਦਾ ਹੈ।"