- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਮਨੋਹਰ ਸਿੰਘ ਨੇ ਚੋਣਾਂ ਦੇ ਮੱਦੇਨਜ਼ਰ ਬਸੀ ਪਠਾਣਾਂ ਹਲਕੇ ਨੂੰ 7 ਜ਼ੋਨਾਂ ’ਚ ਵੰਡਿਆ

ਫ਼ੋਟੋ ਫ਼ਾਈਲ : 10 ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਮਨੋਹਰ ਸਿੰਘ ਤੇ ਹੋਰ ਆਗੂ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਕਾਰਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਲਕਾ ਬੱਸੀ ਪਠਾਣਾਂ ਵਿਚ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਇੰਟਕ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਡਾ. ਮਨੋਹਰ ਸਿੰਘ ਵੀ ਆਪਣੀਆਂ ਗਤੀਵਿਧੀਆਂ ਲਗਾਤਾਰ ਵਧਾ ਰਹੇ ਹਨ। ਚੋਣਾਂ ਦੇ ਮੱਦੇਨਜ਼ਰ ਡਾ. ਮਨੋਹਰ ਸਿੰਘ ਨੇ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪੂਰੇ ਵਿਧਾਨ ਸਭਾ ਹਲਕੇ ਨੂੰ 7 ਵੱਡੇ ਜ਼ੋਨਾਂ ਵਿਚ ਵੰਡ ਦਿੱਤਾ ਹੈ। ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਤੇ ਸਰਗਰਮ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੇ ਬੂਥ ਪੱਧਰ ਤੱਕ ਪਹੁੰਚਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਹਰ ਜ਼ੋਨ ਦੀ ਇਕ ਕਮੇਟੀ ਬਣਾਈ ਗਈ ਹੈ, ਜੋ ਆਪਣੇ ਜ਼ੋਨ ਦੇ ਪਿੰਡਾਂ ਵਿਚ ਕਾਂਗਰਸ ਪਾਰਟੀ ਦੀਆਂ ਚੋਣ ਸਰਗਰਮੀਆਂ ਚਲਾਉਣ ਲਈ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਹਰੇਕ ਕਮੇਟੀ ਵਿੱਚ 4-5 ਮੈਂਬਰ ਸ਼ਾਮਲ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵੱਡੇ ਜ਼ੋਨਾਂ ਨੂੰ ਅੱਗੇ ਛੋਟੇ ਜ਼ੋਨਾਂ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਵਿੱਚ 4-5 ਪਿੰਡ ਰੱਖੇ ਜਾਣਗੇ। ਇਸ ਵਾਰ ਚੋਣਾਂ ਵਿਚ ਤਕਰੀਬਨ 150 ਆਗੂਆਂ ਅਤੇ ਵਰਕਰਾਂ ਦੀ ਟੀਮ ਤਿਆਰ ਕੀਤੀ ਗਈ ਹੈ।ਨਵੇਂ ਬਣਾਏ ਜ਼ੋਨਾਂ ਦਾ ਵੇਰਵਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ੋਨ ਨੰਬਰ 1 ਵਿੱਚ ਖਮਾਣੋਂ ਬਲਾਕ ਦੇ ਪਿੰਡ ਖੰਟ ਅਤੇ ਮਨਸੂਰਪੁਰ ਵਾਲੇ ਪਾਸੇ ਦੇ ਸਾਰੇ ਪਿੰਡ ਰੱਖੇ ਗਏ ਹਨ। ਜ਼ੋਨ ਨੰਬਰ 2 ਵਿੱਚ ਖਮਾਣੋਂ ਅਤੇ ਪਿੰਡ ਬੁਰਜ, ਖੇੜੀ ਨੌਧ ਸਿੰਘ ਤੋਂ ਪਿੰਡ ਭੜੀ ਵਾਲੀ ਸੜਕ ਤੱਕ ਦੇ ਪਿੰਡ ਆਉਣਗੇ। ਜ਼ੋਨ 3 ਵਿੱਚ ਇਸ ਸੜਕ ਤੋਂ ਬੱਸੀ ਪਠਾਣਾਂ ਸ਼ਹਿਰ ਅਤੇ ਸੰਘੋਲ ਰੋਡ ਤੱਕ ਦੇ ਪਿੰਡਾਂ ਵਿੱਚ ਅਲੱਗ ਕਮੇਟੀ ਪਾਰਟੀ ਦਾ ਕੰਮ ਦੇਖੇਗੀ। ਜ਼ੋਨ ਨੰਬਰ 4 ਵਿੱਚ ਸੰਘੋਲ ਰੋਡ ਤੋਂ ਨੌਗਾਵਾਂ ਨਾਲ ਲੱਗਦੇ ਕਲੇਰਾਂ ਤੋਂ ਜੈ ਸਿੰਘ ਵਾਲਾ ਤੱਕ ਦੇ ਸਾਰੇ ਛੋਟੇ ਪਿੰਡਾਂ ਲਈ ਇੱਕ ਕਮੇਟੀ ਕੰਮ ਕਰੇਗੀ। ਜ਼ੋਨ ਨੰਬਰ 5 ਵਿਚ ਜ਼ੋਨ 4 ਤੋਂ ਅੱਗੇ ਪਿੰਡ ਕਲੌੜ ਤੱਕ ਦੇ ਸਾਰੇ ਪਿੰਡ ਸ਼ਾਮਲ ਹਨ। ਇਸੇ ਤਰ੍ਹਾਂ ਜ਼ੋਨ ਨੰਬਰ 6 ਵਿੱਚ ਪਿੰਡ ਨੰਦਪੁਰ ਤੋਂ ਚੁੰਨੀ ਦੀ ਮੇਨ ਰੋਡ ਤੱਕ ਦੇ ਪਿੰਡ ਤੇ ਜ਼ੋਨ ਨੰਬਰ 7 ਵਿੱਚ ਪਿੰਡ ਚੁੰਨੀ ਤੋਂ ਪੁਵਾਲਾ ਪਿੰਡ ਤੱਕ ਦੇ ਸਾਰੇ ਪਿੰਡਾਂ ਦੀਆਂ ਅਲੱਗ-ਅਲੱਗ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਹਰ ਵਰਗ ਨਾਲ ਸੰਪਰਕ ਕਾਇਮ ਕਰਨ ਲਈ ਮੀਟਿੰਗਾਂ ਦਾ ਦੌਰ ਹੋਰ ਤੇਜ਼ ਕੀਤਾ ਜਾਵੇਗਾ ।