ਨਹਿਰ ਵਿੱਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਨਾਲ ਮੌਤ, ਦੋ ਬਾਲ-ਬਾਲ ਬਚੇ
ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਗੱਜ ਨੇੜੇ ਕੰਢੀ ਕਨਾਲ ਨਹਿਰ ਵਿੱਚ ਨਹਾਉਣ ਗਏ ਚਾਰ ਨੌਜਵਾਨਾਂ ਵਿੱਚੋਂ ਦੋ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਬਾਲ-ਬਾਲ ਬਚ ਗਏ।
Publish Date: Sat, 06 Jun 2026 08:00 PM (IST)
Updated Date: Sat, 06 Jun 2026 08:04 PM (IST)
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 4 ਵਜੇ ਚਾਰ ਨੌਜਵਾਨ—ਦੀਪਕ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਨਿਊ ਪਾਰਕ ਗ੍ਰੀਨ, ਟਾਂਡਾ; ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਦਾਰਾਪੁਰ ਫਾਟਕ, ਟਾਂਡਾ; ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਵਾਸੀ ਹਰਸੀ ਪਿੰਡ ਅਤੇ ਸੰਤੋਸ਼ ਕੁਮਾਰ ਪੁੱਤਰ ਅਰਜੁਨ ਕੁਮਾਰ ਵਾਸੀ ਟਾਂਡਾ, ਜਿਨ੍ਹਾਂ ਦੀ ਉਮਰ ਕਰੀਬ 20 ਤੋਂ 21 ਸਾਲ ਦੱਸੀ ਜਾ ਰਹੀ ਹੈ, ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਢੋਲਬਾਹਾ ਡੈਮ ਘੁੰਮਣ ਲਈ ਗਏ ਸਨ।
ਵਾਪਸੀ ਦੌਰਾਨ ਇਹ ਨੌਜਵਾਨ ਪਿੰਡ ਗੱਜ ਨੇੜੇ ਕੰਢੀ ਕਨਾਲ ਨਹਿਰ ਵਿੱਚ ਨਹਾਉਣ ਲਈ ਰੁਕ ਗਏ। ਨਹਿਰ ਦੇ ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਜਸਵੀਰ ਸਿੰਘ ਅਤੇ ਪ੍ਰਭਜੋਤ ਸਿੰਘ ਪਾਣੀ ਵਿੱਚ ਰੁੜ ਗਏ, ਜਦਕਿ ਦੀਪਕ ਕੁਮਾਰ ਅਤੇ ਸੰਤੋਸ਼ ਕੁਮਾਰ ਬਾਲ-ਬਾਲ ਬਚ ਗਏ।
ਰਾਹਗੀਰਾਂ ਅਤੇ ਪਿੰਡ ਗੱਜ ਦੇ ਵਸਨੀਕਾਂ ਦੀ ਮਦਦ ਨਾਲ ਨੌਜਵਾਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਭੂੰਗਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਸਵੀਰ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਚੌਕੀ ਭੂੰਗਾ ਦੇ ਇੰਚਾਰਜ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।