- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੀਰਜ ਮਰਵਾਹਾ, ਪੰਜਾਬੀ ਜਾਗਰਣ,

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸਾਊਥ (ਦਿਹਾਤੀ) ਦੇ ਪ੍ਰਧਾਨ ਮੁਨੀਸ਼ ਧੀਰ ਦੀ ਪ੍ਰਧਾਨਗੀ ਹੇਠ ਅੱਜ ਨਕੋਦਰ ਦੇ ਅੰਬੇਡਕਰ ਚੌਕ ’ਚ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਇਕ ਬਹੁਤ ਅਨੋਖਾ ਤੇ ਵਿਸ਼ਾਲ ਪ੍ਰੋਗਰਾਮ ਉਲੀਕਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ ਕੀਤੀ ਇਤਿਹਾਸਕ ਮੁਹਿੰਮ 'ਇੱਕ ਪੇੜ ਮਾਂ ਕੇ ਨਾਮ' ਤਹਿਤ ਭਾਜਪਾ ਦੀ ਸਮੁੱਚੀ ਟੀਮ ਵੱਲੋਂ ਨਕੋਦਰ ਵਿਖੇ "ਬੂਟਿਆਂ ਦਾ ਲੰਗਰ" ਲਗਾਇਆ। ਅੰਬੇਡਕਰ ਚੌਕ ਤੋਂ ਲੰਘਦੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦਿੰਦਿਆਂ 200 ਬੂਟੇ ਵੰਡੇ। 15 ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਤੇ ਔਸ਼ਧੀ (ਜੜ੍ਹੀ-ਬੂਟੀਆਂ ਵਾਲੇ) ਬੂਟੇ ਸ਼ਾਮਲ ਸਨ, ਤਾਂ ਜੋ ਲੋਕ ਇਨ੍ਹਾਂ ਨੂੰ ਆਪਣੇ ਘਰਾਂ ਤੇ ਆਲੇ-ਦੁਆਲੇ ਲਾ ਕੇ ਧਰਤੀ ਨੂੰ ਹਰਾ-ਭਰਿਆ ਬਣਾ ਸਕਣ।
-ਪ੍ਰਧਾਨ ਮੰਤਰੀ ਦੀ ਮੁਹਿੰਮ ਦੀ ਸ਼ਲਾਘਾ, ਜੀਵਨ ਲਈ ਬੂਟੇ ਜ਼ਰੂਰੀ : ਮੁਨੀਸ਼ ਧੀਰ
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੁਨੀਸ਼ ਧੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਬੇਹੱਦ ਸ਼ਲਾਘਾਯੋਗ ਹੈ ਤੇ ਅੱਜ ਇਹ ਪੂਰੇ ਦੇਸ਼ ’ਚ ਇਕ ਜਨ-ਅੰਦੋਲਨ ਬਣ ਚੁੱਕੀ ਹੈ। ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਤੇ ਵਾਤਾਵਰਨ ਦੇ ਵਿਗੜ ਰਹੇ ਸੰਤੁਲਨ ਨਾਲ ਜੂਝ ਰਹੀ ਹੈ, ਅਜਿਹੇ ਸਮੇਂ ਇਹ ਮੁਹਿੰਮ ਧਰਤੀ ਨੂੰ ਬਚਾਉਣ ਦਾ ਵਧੀਆ ਜ਼ਰੀਆ ਹੈ। ਬੂਟਿਆਂ ਤੋਂ ਬਿਨਾਂ ਸਾਡਾ ਜੀਵਨ ਕੁਝ ਵੀ ਨਹੀਂ ਹੈ, ਇਹ ਸਾਡੀ ਹੋਂਦ ਦਾ ਆਧਾਰ ਹਨ।
ਮੁਨੀਸ਼ ਧੀਰ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ "ਅੱਜ ਅਸੀਂ ਸਾਰੇ ਜਿਸ ਮੁਕਾਮ 'ਤੇ ਹਾਂ, ਸਾਨੂੰ ਸਭ ਨੂੰ ਪਤਾ ਹੈ ਕਿ ਪੂਰਾ ਵਿਸ਼ਵ ਵਾਤਾਵਰਣ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਲਈ ਸਾਨੂੰ ਆਪਣੇ ਜੀਵਨ ਤੇ ਕੰਮਕਾਰ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਕਿਉਂਕਿ ਤਾਂ ਹੀ ਸਾਡਾ ਦੇਸ਼ ਸੁਰੱਖਿਅਤ ਤੇ ਖੁਸ਼ਹਾਲ ਹੋਵੇਗਾ। ਇਸੇ ਉਦੇਸ਼ ਨਾਲ ਅੱਜ ਨਕੋਦਰ ਵਿੱਚ 'ਬੂਟਿਆਂ ਦਾ ਲੰਗਰ' ਲਗਾਇਆ ਗਿਆ ਹੈ ਤਾਂ ਜੋ ਹਰ ਨਾਗਰਿਕ ਆਪਣੀ ਮਾਂ ਦੇ ਨਾਂ 'ਤੇ ਇੱਕ ਬੂਟਾ ਜ਼ਰੂਰ ਲਗਾਵੇ ਤੇ ਉਸਦੀ ਦੇਖਭਾਲ ਵੀ ਕਰੇ।"
-ਨੰਨ੍ਹੇ ਬੱਚਿਆਂ ਨੇ ਵੀ ਲਿਆ ਜ਼ਿੰਮੇਵਾਰੀ ਦਾ ਸੰਕਲਪ
ਇਸ 'ਬੂਟਿਆਂ ਦੇ ਲੰਗਰ' ਦੀ ਸਭ ਤੋਂ ਖੂਬਸੂਰਤ ਤਸਵੀਰ ਉਦੋਂ ਦੇਖਣ ਨੂੰ ਮਿਲੀ ਜਦੋਂ ਵੱਡੀ ਗਿਣਤੀ ਵਿੱਚ ਛੋਟੇ ਬੱਚਿਆਂ ਨੇ ਵੀ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਵਾਤਾਵਰਣ ਨੂੰ ਬਚਾਉਣ ਦੀ ਇਸ ਅਨੋਖੀ ਮੁਹਿੰਮ ਦਾ ਬੱਚਿਆਂ ਨੇ ਲਾਹਾ ਲਿਆ। ਕਾਫੀ ਸੰਖਿਆ ਵਿੱਚ ਨੰਨ੍ਹੇ-ਮੁੰਨੇ ਬੱਚੇ ਆਪਣੇ-ਆਪਣੇ ਘਰਾਂ ਲਈ ਪੌਦੇ ਲੈ ਕੇ ਗਏ। ਇਸ ਦੌਰਾਨ ਬੱਚਿਆਂ ਦੇ ਚਿਹਰਿਆਂ 'ਤੇ ਇੱਕ ਵੱਖਰਾ ਹੀ ਉਤਸ਼ਾਹ ਸੀ ਅਤੇ ਉਨ੍ਹਾਂ ਨੇ ਪੂਰੀ ਮਾਸੂਮੀਅਤ ਤੇ ਜ਼ਿੰਮੇਵਾਰੀ ਨਾਲ ਇਹ ਪ੍ਰਣ (ਸੰਕਲਪ) ਕੀਤਾ ਕਿ ਉਹ ਆਪਣੇ ਨਾਲ-ਨਾਲ ਇਨ੍ਹਾਂ ਪੌਦਿਆਂ ਦਾ ਵੀ ਪੂਰਾ ਖਿਆਲ ਰੱਖਣਗੇ, ਇਨ੍ਹਾਂ ਨੂੰ ਸਮੇਂ ਸਿਰ ਪਾਣੀ ਦੇਣਗੇ ਤੇ ਇਨ੍ਹਾਂ ਦੀ ਪੂਰੀ ਪਰਵਰਿਸ਼ ਕਰਨਗੇ। ਬੱਚਿਆਂ ਦਾ ਇਹ ਜਜ਼ਬਾ ਦੇਖ ਕੇ ਉੱਥੇ ਮੌਜੂਦ ਹਰ ਸ਼ਖਸ ਨੇ ਉਨ੍ਹਾਂ ਦੀ ਖੂਬ ਤਾਰੀਫ਼ ਕੀਤੀ।
-ਸਮੁੱਚੀ ਟੀਮ ਨੇ ਦਿਖਾਈ ਇੱਕਜੁੱਟਤਾ
ਅੰਬੇਡਕਰ ਚੌਕ ’ਚ ਕਰਵਾਏ ਸਮਾਗਮ ਨੂੰ ਸਫ਼ਲ ਬਣਾਉਣ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਮੁਨੀਸ਼ ਧੀਰ ਦੇ ਨਾਲ ਨਕੋਦਰ ਦੇ ਮੰਡਲ ਪ੍ਰਧਾਨ ਅਜੇ ਬਜਾਜ, ਅਮਿਤ ਵਿਜ, ਰਾਜਿੰਦਰ ਕੁਮਾਰ , ਅੰਕੁਸ਼ ਸ਼ਰਮਾ, ਲੱਕੀ, ਇੰਦਰਜੀਤ ਅਤੇ ਸੁਰਜੀਤ ਹੀਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਇੱਕਜੁੱਟਤਾ ਦਿਖਾਈ। ਇਨ੍ਹਾਂ ਸਾਰੇ ਆਗੂਆਂ ਅਤੇ ਵਰਕਰਾਂ ਨੇ ਮਿਲ ਕੇ ਰਾਹਗੀਰਾਂ, ਔਰਤਾਂ ਤੇ ਬੱਚਿਆਂ ਨੂੰ ਬੂਟੇ ਵੰਡੇ ਤੇ ਉਨ੍ਹਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ। ਸਥਾਨਕ ਨਿਵਾਸੀਆਂ ਤੇ ਰਾਹਗੀਰਾਂ ਨੇ ਭਾਜਪਾ ਟੀਮ ਵੱਲੋਂ ਸਮਾਜ ਤੇ ਵਾਤਾਵਰਣ ਦੇ ਭਲੇ ਲਈ ਕੀਤੇ ਗਏ ਇਸ ਅਨੋਖੇ ਉਪਰਾਲੇ (ਬੂਟਿਆਂ ਦੇ ਲੰਗਰ) ਦੀ ਰੱਜ ਕੇ ਸ਼ਲਾਘਾ ਕੀਤੀ।