- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨ ਸੈਦਪੁਰੀ, ਪੰਜਾਬੀ ਜਾਗਰਣ,

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਭਾਕਿਯੂ (ਉਗਰਾਹਾਂ) ਵੱਲੋਂ ਜ਼ਿਲ੍ਹਾ ਜਲੰਧਰ ਦੇ ਬਲਾਕ ਸ਼ਾਹਕੋਟ ਦੇ ਪਿੰਡ ਖੁਰਮਪੁਰ ਡੱਬਰੀ ਦੀ ਨਵੀਂ ਇਕਾਈ ਦਾ ਗਠਨ ਕੀਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਭਾਰਤ ਦੀ ਅਰਥ ਵਿਵਸਥਾ ਉਲਟ ਨਿਵੇਸ਼ ਦਾ ਸ਼ਿਕਾਰ ਹੈ। ਇਕ ਪਾਸੇ ਵਿਸ਼ਵ ਗੁਰੂ ਅਖਵਾਉਣ ਵਾਲੀ ਭਾਰਤ ਦੀ ਅਰਥ ਵਿਵਸਥਾ ਦੇ ਹਾਕਮ ਵਿਦੇਸ਼ੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਲਈ ਸੱਦਾ ਦੇ ਰਹੇ ਹਨ ਪਰ ਇਸ ਦੇ ਉਲਟ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੀ ਅਰਥ ਵਿਵਸਥਾ ਤੋਂ ਭਰੋਸਾ ਉੱਠ ਚੁੱਕਾ ਹੈ ਤੇ ਵਿਦੇਸ਼ੀ ਨਿਵੇਸ਼ਕ ਭਾਰੀ ਮਾਤਰਾ ਵਿੱਚ ਭਾਰਤ ਵਿੱਚੋਂ ਨਿਵੇਸ਼ ਕੱਢ ਕੇ ਵਿਦੇਸ਼ਾਂ ਵਿੱਚ ਨਿਵੇਸ਼ ਕਰ ਰਹੇ ਹਨ। ਭਾਰਤੀ ਕਰੰਸੀ ਦੀ ਲਗਾਤਾਰ ਡਿੱਗ ਰਹੀ ਕੀਮਤ ਕਾਰਨ ਕਰਜ਼ੇ ਦਾ ਬੋਝ ਬਹੁਤ ਵਧ ਗਿਆ ਹੈ ਤੇ ਦੇਸ਼ ਅੰਦਰ ਗ਼ੈਰ-ਭਰੋਸੇਯੋਗ ਸਿਆਸੀ ਸਰਗਰਮੀਆਂ ਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਘੱਟ ਗਿਣਤੀਆਂ ਵਿਰੁੱਧ ਨਫਰਤੀ ਕਾਰਵਾਈਆਂ ਕਾਰਨ ਨਿਵੇਸ਼ਕਾਂ ਨੇ ਭਾਰੀ ਮਾਤਰਾ ਵਿੱਚ ਪੂੰਜੀ ਭਾਰਤ ਵਿੱਚੋਂ ਕੱਢ ਕੇ ਹੋਰ ਦੇਸ਼ਾਂ ਵਿੱਚ ਨਿਵੇਸ਼ ਕਰ ਦਿੱਤੀ ਹੈ। ਅਮਰੀਕੀ ਸਾਮਰਾਜੀ ਕੰਪਨੀਆਂ ਸਿੱਧੇ ਤੌਰ ’ਤੇ ਭਾਰਤੀ ਕੰਪਨੀਆਂ ਦਾ ਨਿਵੇਸ਼ ਅਮਰੀਕਾ ਵਿੱਚ ਕਰਾ ਰਹੀਆਂ ਹਨ ।ਭਾਰਤ ਅੰਦਰ ਤੇਲ ,ਗੈਸ , ਖਾਦਾਂ ਅਤੇ ਅਨਾਜ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ ਮੱਧਵਰਗ ਤੇ ਗਰੀਬ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਚਾਹਲ ਨੇ ਚਿਤਾਵਨੀ ਦਿੱਤੀ ਕਿ ਇਸ ਗੰਭੀਰ ਆਰਥਿਕ ਸੰਕਟ ਸਮੇਂ ਦੇਸ਼ ਦੇ ਹਾਕਮ ਲੋਕਾਂ ਨੂੰ ਜਾਤਾਂ, ਧਰਮਾਂ ਤੇ ਫਿਰਕਿਆਂ ਵਿੱਚ ਵੰਡ ਕੇ ਅਸਲ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਰਥਿਕ ਸਮੱਸਿਆਵਾਂ ਤੋਂ ਪੀੜਿਤ ਹਰ ਵਰਗ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਛੋਟੇ ਦੁਕਾਨਦਾਰ ਮਿਲ ਕੇ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸਾਂਝੀ ਲੜਾਈ ਲੜ ਸਕੀਏ।
ਇਕਾਈ ਖੁਰਮਪੁਰ ਡੱਬਰੀ ਦੀ ਚੋਣ ਸਮੇਂ ਜਿਲਾ ਸਕੱਤਰ ਗੁਰਚਰਨ ਸਿੰਘ ਚਾਹਲ, ਜ਼ਿਲ੍ਹਾ ਖ਼ਜ਼ਾਨਚੀ ਜਸਪਾਲ ਸਿੰਘ ਸੰਢਾਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ, ਬਲਾਕ ਸਕੱਤਰ ਪਰਮਿੰਦਰ ਸਿੰਘ ,ਮਨਵੀਰ ਸਿੰਘ ਮਲਸੀਆ ਤੇ ਨਿਰਮਲ ਸਿੰਘ ਕਾਂਗਣਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ।ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ, ਜਿਨ੍ਹਾਂ ’ਚ ਅਮਨਦੀਪ ਸਿੰਘ ਨੂੰ ਇਕਾਈ ਦੇ ਪ੍ਰਧਾਨ, ਸਿਮਰਜੀਤ ਸਿੰਘ ਸਕੱਤਰ, ਨਿਰਮਲ ਸਿੰਘ ਵਿੱਤ ਸਕੱਤਰ, ਲਵਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤਜਿੰਦਰ ਪਾਲ ਸਿੰਘ ਅਤੇ ਦਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸੰਦੀਪ ਸਿੰਘ ਨੂੰ ਸਹਾਇਕ ਸਕੱਤਰ, ਨਵਜੋਤ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਮਨਜਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਕਰਨਜੀਤ ਸਿੰਘ ਹੁੰਦਲ ਅਤੇ ਰਣਜੀਤ ਸਿੰਘ ਨੂੰ ਵਿਸ਼ੇਸ਼ ਸਲਾਹਕਾਰ ਅਤੇ ਪਰਮਜੀਤ ਸਿੰਘ ਨੂੰ ਇਕਾਈ ਦੇ ਸਰਪ੍ਰਸਤ ਦੇ ਤੌਰ ’ਤੇ ਚੁਣਿਆ ਗਿਆ। ਇਸ ਮੌਕੇ ਕਸ਼ਮੀਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਰਣਜੋਧ ਸਿੰਘ, ਸੁਖਜਿੰਦਰ ਪਾਲ ਸਿੰਘ ਸੁਰਿੰਦਰ ਸਿੰਘ, ਮਨਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਜੀਤ ਸਿੰਘ, ਦਲਜੀਤ ਸਿੰਘ, ਮੰਗਾ ਮੱਟੂ, ਆਦਿ ਹਾਜ਼ਰ ਸਨ।