- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁਰਾਕ ਸੁਰੱਖਿਆ ਦਿਵਸ ’ਤੇ

ਖੁਰਾਕ ਸੁਰੱਖਿਆ ਦਿਵਸ ’ਤੇ ਖ਼ਾਸ
-ਸਿਹਤਮੰਦ ਸਮਾਜ ਲਈ 18 ਸਾਲਾਂ ਤੋਂ ਜੈਵਿਕ ਖੇਤੀ ਦੀ ਅਲਖ ਜਗਾ ਰਹੇ ਸ਼ਾਹਕੋਟ ਦੇ ਕਿਸਾਨ
-ਕੋਰੋਨਾ ’ਚ 40 ਲੱਖ ਤੱਕ ਦਾ ਨੁਕਸਾਨ, ਫਿਰ ਵੀ ਘਰ-ਘਰ ਪਹੁੰਚਾਈਆਂ ਜੈਵਿਕ ਸਬਜ਼ੀਆਂ
ਜਗਦੀਸ਼ ਕੁਮਾਰ, ਜਾਗਰਣ, ਜਲੰਧਰ: ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਵਿਚਾਲੇ ਲੋਕਾਂ ਨੂੰ ਸ਼ੁੱਧ ਤੇ ਸੁਰੱਖਿਅਤ ਭੋਜਨ ਉਪਲੱਬਧ ਕਰਵਾਉਣਾ ਅੱਜ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੀ ਹੈ। ਅਜਿਹੇ ਸਮੇਂ ’ਚ ਸ਼ਾਹਕੋਟ ਨੇੜਲੇ ਪਿੰਡ ਮੀਰਪੁਰ ਦੇ ਕਿਸਾਨ ਸ਼ੇਰ ਸਿੰਘ ਪਿਛਲੇ ਲਗਪਗ 18 ਸਾਲਾਂ ਤੋਂ ਜੈਵਿਕ ਖੇਤੀ ਰਾਹੀਂ ਸਿਹਤਮੰਦ ਸਮਾਜ ਬਣਾਉਣ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਉਸ ਦੌਰ ’ਚ ਜੈਵਿਕ ਖੇਤੀ ਸ਼ੁਰੂ ਕੀਤੀ, ਜਦੋਂ ਇਸ ਬਾਰੇ ਨਾ ਤਾਂ ਜਾਗਰੂਕਤਾ ਸੀ ਤੇ ਨਾ ਹੀ ਬਾਜ਼ਾਰ। ਕਈ ਵਾਰ ਆਰਥਿਕ ਸੰਕਟ ਆਇਆ, ਕੋਰੋਨਾ ਸਮੇਂ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਗਈ ਪਰ ਲੋਕਾਂ ਤੱਕ ਜ਼ਹਿਰ-ਮੁਕਤ ਭੋਜਨ ਪਹੁੰਚਾਉਣ ਦਾ ਉਨ੍ਹਾਂ ਦਾ ਸੰਕਲਪ ਨਹੀਂ ਟੁੱਟਿਆ। ਅੱਜ ਉਹ ਨਾ ਸਿਰਫ ਖ਼ੁਦ ਜੈਵਿਕ ਖੇਤੀ ਕਰ ਰਹੇ ਹਨ, ਸਗੋਂ ਸੈਮੀਨਾਰਾਂ ਤੇ ਮੰਡੀਆਂ ਰਾਹੀਂ ਹੋਰ ਕਿਸਾਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰ ਰਹੇ ਹਨ।
ਸ਼ੇਰ ਸਿੰਘ ਦੱਸਦੇ ਹਨ ਕਿ ਸਾਲ 2008 ’ਚ ਉਨ੍ਹਾਂ ਪਹਿਲੀ ਵਾਰ ਆਪਣੇ ਪਰਿਵਾਰ ਤੇ ਦੋਸਤਾਂ ਲਈ ਵਰਤਣ ਵਾਸਤੇ ਜੈਵਿਕ ਖੇਤੀ ਸ਼ੁਰੂ ਕੀਤੀ ਸੀ। ਉਸ ਸਮੇਂ ਫੁਆਰੇ ਵਾਲੀ ਸਿੰਚਾਈ ਦਾ ਨਵਾਂ ਦੌਰ ਸ਼ੁਰੂ ਹੋਇਆ ਸੀ, ਜਿਸ ਦਾ ਉਨ੍ਹਾਂ ਨੂੰ ਕਾਫੀ ਲਾਭ ਮਿਲਿਆ। ਸ਼ੁਰੂਆਤ ਧਨੀਆ, ਪਾਲਕ ਤੇ ਮੂਲੀ ਵਰਗੀਆਂ ਫਸਲਾਂ ਨਾਲ ਹੋਈ। ਖੇਤ ਤਿਆਰ ਕਰਨ ਲਈ ਲਗਪਗ 125 ਟਰਾਲੀਆਂ ਜੈਵਿਕ ਖੁਰਾਕ ਪਾਈ ਗਈ। ਹੌਲੀ-ਹੌਲੀ ਉਤਪਾਦਨ ਵਧਿਆ ਤੇ ਮੰਡੀਆਂ ਤੱਕ ਸਬਜ਼ੀਆਂ ਪੁੱਜਣ ਲੱਗੀਆਂ। ਖੇਤੀ ਦਾ ਦਾਇਰਾ ਪੰਜ ਤੋਂ ਵਧ ਕੇ 15 ਖੇਤਾਂ ਤੱਕ ਪੁੱਜ ਗਿਆ। ਹਾਲਾਂਕਿ, ਮੰਡੀਆਂ ’ਚ ਜੈਵਿਕ ਉਤਪਾਦਾਂ ਨੂੰ ਆਮ ਫਸਲਾਂ ਵਰਗਾ ਹੀ ਭਾਅ ਮਿਲਣ ਲੱਗਾ, ਜਿਸ ਨਾਲ ਨਿਰਾਸ਼ਾ ਵਧੀ। ਇਸ ਤੋਂ ਬਾਅਦ ਸਾਲ 2010 ’ਚ ਉਨ੍ਹਾਂ ਨੇ ਸਿੱਧੇ ਖਪਤਕਾਰਾਂ ਤੱਕ ਪੁੱਜਣ ਦਾ ਫੈਸਲਾ ਕੀਤਾ। ਜਲੰਧਰ ਦੇ ਲਗਪਗ 15 ਪਰਿਵਾਰ ਵੱਲੋਂ ਨਿਯਮਿਤ ਤੌਰ 'ਤੇ ਆਰਡਰ ਦੇਣ ਲੱਗੇ। ਸ਼ੇਰ ਸਿੰਘ ਹਰ ਹਫਤੇ ਮੋਟਰਸਾਈਕਲ 'ਤੇ ਲੋਕਾਂ ਦੇ ਘਰ-ਘਰ ਜਾ ਕੇ ਸਬਜ਼ੀਆਂ ਤੇ ਹੋਰ ਉਤਪਾਦ ਪਹੁੰਚਾਉਂਦੇ ਸਨ।
ਹੌਲੀ-ਹੌਲੀ ਕਣਕ, ਚੌਲ, ਮਟਰ, ਪਿਆਜ਼, ਲੱਸਣ ਤੇ ਮੌਸਮੀ ਸਬਜ਼ੀਆਂ ਵੀ ਖੇਤੀ ਦਾ ਹਿੱਸਾ ਬਣ ਗਈਆਂ। ਗਾਹਕਾਂ ਦੀ ਗਿਣਤੀ ਵਧੀ ਤਾਂ ਮਾਡਲ ਟਾਊਨ ਸਥਿਤ ਇਕ ਨਿੱਜੀ ਸਕੂਲ ’ਚ ਜੈਵਿਕ ਉਤਪਾਦ ਵੇਚਣੇ ਸ਼ੁਰੂ ਕੀਤੇ। ਉਸ ਸਮੇਂ ਸ਼ਹਿਰ ’ਚ ਆਰਗੈਨਿਕ ਉਤਪਾਦ ਵੇਚਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। ਸ਼ੇਰ ਸਿੰਘ ਦੱਸਦੇ ਹਨ ਕਿ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਉਨ੍ਹਾਂ ਲਈ ਸਭ ਤੋਂ ਮੁਸ਼ਕਲ ਦੌਰ ਸਾਬਤ ਹੋਇਆ। ਖੇਤਾਂ ’ਚ ਤਿਆਰ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਉਨ੍ਹਾਂ ਨੂੰ ਲਗਪਗ 35 ਤੋਂ 40 ਲੱਖ ਰੁਪਏ ਤੱਕ ਦਾ ਨੁਕਸਾਨ ਝੱਲਣਾ ਪਿਆ। ਕਈ ਫਸਲਾਂ 'ਤੇ ਟ੍ਰੈਕਟਰ ਚਲਾਉਣਾ ਪਿਆ ਕਿਉਂਕਿ ਬਿਕਵਾਲੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ। ਕਰੋਨਾ ਦੌਰਾਨ ਜਦੋਂ ਲੋਕਾਂ ਵਿਚ ਸਿਹਤ ਨੂੰ ਲੈ ਕੇ ਜਾਗਰੂਕਤਾ ਵਧੀ ਤਾਂ ਫਿਰ ਤੋਂ ਉਨ੍ਹਾਂ ਨਾਲ ਸੰਪਰਕ ਸ਼ੁਰੂ ਹੋਇਆ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਾਸ ਬਣਵਾਏ ਤੇ ਮਾਸਕ, ਦਸਤਾਨੇ ਅਤੇ ਸੁਰੱਖਿਆ ਕਿਟ ਪਾ ਕੇ ਕਰੋਨਾ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਲੋਕਾਂ ਦੇ ਘਰਾਂ ਤੱਕ ਜੈਵਿਕ ਸਬਜ਼ੀਆਂ ਪਹੁੰਚਾਈਆਂ। ਹਾਲਾਂਕਿ ਕਰੋਨਾ ਮਗਰੋਂ ਨਿੱਜੀ ਸਕੂਲ ’ਚ ਚੀਜ਼ਾਂ ਵੇਚਣ ਨੂੰ ਲੈ ਕੇ ਇਤਰਾਜ਼ ਆਉਣ ਲੱਗੇ ਤੇ ਕੰਮ ਬੰਦ ਕਰਨਾ ਪਿਆ। ਇਸ ਨਾਲ ਇਕ ਵਾਰੀ ਫਿਰ ਸੰਕਟ ਖੜ੍ਹਾ ਹੋ ਗਿਆ ਪਰ ਉਨ੍ਹਾਂ ਨੇ ਹੱਲ ਲੱਭਣਾ ਜਾਰੀ ਰੱਖਿਆ।
---
ਕৃਈ ਵਿਭਾਗ ਦੇ ਸਹਿਯੋਗ ਨਾਲ ਬਣੀ ਆਰਗੈਨਿਕ ਮੰਡੀ
ਸੰਘਰਸ਼ ਮਗਰੋਂ ਖੇਤੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਦਫਤਰ ਦੇ ਕੰਪਲੈਕਸ ’ਚ ਆਰਗੈਨਿਕ ਮੰਡੀ ਸਥਾਪਤ ਕੀਤੀ ਗਈ। ਸ਼ੁਰੂਆਤ ’ਚ ਸ਼ੇਰ ਸਿੰਘ ਇਕੱਲੇ ਹੀ ਉੱਥੇ ਆਪਣੇ ਉਤਪਾਦ ਵੇਚਣ ਪੁੱਜਦੇ ਸਨ ਪਰ ਹੁਣ ਹੌਲੀ-ਹੌਲੀ ਹੋਰ ਕਿਸਾਨ ਵੀ ਇਸ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਮੰਡੀ ਦੀ ਐਸੋਸੀਏਸ਼ਨ ਦਾ ਗਠਨ ਵੀ ਕੀਤਾ, ਜਿਸ ਦੇ ਉਹ ਸਥਾਪਕ ਪ੍ਰਧਾਨ ਹਨ। ਵਰਤਮਾਨ ’ਚ ਉਹ ਪੰਜ ਖੇਤਾਂ ਵਿਚ ਜੈਵਿਕ ਖੇਤੀ ਕਰ ਰਹੇ ਹਨ। ਇੱਥੇ ਕਣਕ, ਚੌਲ, ਧਨੀਆ, ਪਾਲਕ, ਮੂਲੀ, ਹਲਦੀ, ਮਿਰਚ-ਮਸਾਲੇ, ਗਾਜਰਾਂ, ਖੀਰੇ, ਤੋਰੀ, ਲੌਕੀ, ਹਲਕਾ ਕੱਦੂ ਸਮੇਤ ਕਈ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ-ਨਾਲ ਸਾਹੀਵਾਲ ਨਸਲ ਦੀ ਗਊ ਦਾ ਦੇਸੀ ਦੁੱਧ, ਮੱਖਣ ਤੇ ਲੱਸੀ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਸ਼ੇਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਹਰ ਐਤਵਾਰ ਦੁਪਹਿਰ 12 ਵਜੇ ਤੱਕ ਲੋਕ ਮੰਡੀ ’ਚ ਖਰੀਦਾਰੀ ਕਰਨ ਪੁੱਜਦੇ ਹਨ। ਲੋਕਾਂ ਨੂੰ ਪੂਰੇ ਹਫਤੇ ਜੈਵਿਕ ਉਤਪਾਦ ਉਪਲੱਬਧ ਕਰਵਾਉਣ ਲਈ ਪੱਕੀ ਆਰਗੈਨਿਕ ਹਟ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਛੇਤੀ ਹੀ ਇਸ ਲਈ ਥਾਂ ਚੁਣੀ ਜਾਵੇਗੀ ਤੇ ਉਸਾਰੀ ਸ਼ੁਰੂ ਕੀਤੀ ਜਾਵੇਗੀ।
---
ਜੈਵਿਕ ਖੇਤੀ ਸਿਰਫ ਵਪਾਰ ਨਹੀਂ, ਸਿਹਤਮੰਦ ਸਮਾਜ ਦੀ ਲੋੜ
ਸ਼ੇਰ ਸਿੰਘ ਮੰਨਦੇ ਹਨ ਕਿ ਜੈਵਿਕ ਖੇਤੀ ਸਿਰਫ ਕਮਾਈ ਦਾ ਜ਼ਰੀਆ ਨਹੀਂ, ਬਲਕਿ ਸਮਾਜ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਮਾਧਿਅਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਲੋਕ ਰਸਾਇਣਾਂ ਦੇ ਮਾੜੇ ਪ੍ਰਭਾਵ ਸਮਝਣ ਲੱਗੇ ਹਨ ਤੇ ਸਿਹਤਮੰਦ ਭੋਜਨ ਵੱਲ ਮੁੜ ਰਹੇ ਹਨ। ਇਹ ਹੀ ਕਾਰਨ ਹੈ ਕਿ ਹੁਣ ਵੱਧ ਤੋਂ ਵੱਧ ਕਿਸਾਨ ਵੀ ਜੈਵਿਕ ਖੇਤੀ ਵੱਲ ਰੁਚੀ ਦਿਖਾ ਰਹੇ ਹਨ।