ਹੜ੍ਹ ਸੁਰੱਖਿਆ ’ਚ ਜੁਟੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ
ਹੜ੍ਹ ਸੁਰੱਖਿਆ ਪ੍ਰਬੰਧਾਂ ਲਈ ਮੋਹਰੀ ਬਣ ਕੇ ਵੱਡੇ ਸੇਵਾ ਕਾਰਜ ਵਿਚ ਜੁੱਟੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ
Publish Date: Sat, 06 Jun 2026 10:19 PM (IST)
Updated Date: Sat, 06 Jun 2026 10:20 PM (IST)

--ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਚੱਲ ਰਹੀ ਹੈ ਆਰਜੀ ਬੰਨ੍ਹ ਦੀ ਮਜ਼ਬੂਤੀ ਲਈ ਸੇਵਾ --ਰੋਜ਼ਾਨਾ 1000 ਲਿਟਰ ਡੀਜ਼ਲ ਦੀ ਹੋ ਰਹੀ ਖ਼ਪਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਿਵੇਂ ਬੀਤੇ ਸਮੇਂ ਦੌਰਾਨ ਪੰਜਾਬ ਵਾਸੀਆਂ ਨੂੰ ਹੜ੍ਹਾਂ ਦੀ ਬਹੁਤ ਭਿਆਨਕ ਮਾਰ ਪਈ ਸੀ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਉਸ ਵਕਤ ਵੱਡੇ ਪੱਧਰ ’ਤੇ ਰਾਹਤ ਕਾਰਜ ਵੀ ਕੀਤੇ ਗਏ ਸਨ। ਬਿਪਤਾ ਆਉਣ ’ਤੇ ਸੇਵਾ ਕਰਨ ਨਾਲੋਂ ਚੰਗਾ ਹੈ ਕਿ ਬਿਪਤਾ ਨੂੰ ਕਿਸੇ ਹੱਦ ਤੱਕ ਟਾਲਿਆ ਜਾ ਸਕੇ ਤੇ ਵੱਖ-ਵੱਖ ਪੱਧਰ ’ਤੇ ਦਰਿਆਈ ਖੇਤਰਾਂ ਦੇ ਸੁਰੱਖਿਆ ਪ੍ਰਬੰਧਾਂ ਵਿਚ ਨਜ਼ਰ ਆਉਂਦੀਆਂ ਤਰੁੱਟੀਆਂ ਦੂਰ ਕੀਤੀਆਂ ਜਾ ਸਕਣ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਸੁਧਾਰਦਿਆਂ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਲਗਭਗ 15 ਕਿਲੋਮੀਟਰ ਲੰਬਾ ਆਰਜੀ ਬੰਨ੍ਹ ਮਜ਼ਬੂਤ ਕਰਨ ਲਈ 13 ਮਈ ਨੂੰ ਸੇਵਾ ਕਾਰਜ ਆਰੰਭ ਕੀਤਾ ਸੀ, ਜੋ ਦੋ ਹਫਤੇ ਤੋਂ ਇਹ ਸੇਵਾ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਅੱਜ ਇਥੇ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਨੇ ਦੱਸਿਆ ਕਿ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਅਡਵਾਂਸ ਬੰਨ੍ਹ ਪਹਿਲਾਂ ਦੋ ਵਾਰ (ਸਾਲ 2023 ਤੇ 2025 ’ਚ) ਟੁੱਟ ਗਿਆ ਸੀ, ਜਿਸ ਦੀ ਸੇਵਾ ਬਾਬਾ ਜੀ ਨੇ ਕਰਵਾਈ ਸੀ। ਇਹ ਅਡਵਾਂਸ ਬੰਨ੍ਹ ਲਗਭਗ 15 ਕਿਮੀ ਲੰਮਾ ਹੈ, ਜਿਸ ਦੇ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ, ਕਿਸ਼ਨਪੁਰ ਘੜਕਾ, ਮੰਡ ਕਰਮੂਵਾਲਾ, ਲੋਧੀਵਾਲ, ਸਰਦੁੱਲਾਪੁਰ, ਠੱਕਰਕੌੜਾ, ਹਜ਼ਾਰਾ, ਕਬੀਰਪੁਰ, ਹਾਜੀਪੁਰ ਹੁਸੈਨਪੁਰ ਬੂਲੇ, ਕਬੀਰਪੁਰ, ਲੋਧੀਵਾਲ, ਮੰਡ ਹੁਸੈਨਪੁਰ ਬੂਲੇ ਆਦਿਕ ਪਿੰਡਾਂ ਦੀ ਜ਼ਮੀਨ ਨਾਲ ਲਗਦੀ ਹੈ। ਇਸ ਅਡਵਾਂਸ ਬੰਨ੍ਹ ’ਤੇ ਰਸਤਾ ਬਣਿਆ ਹੈ, ਜੋ ਕਈ ਥਾਂਵਾਂ ਤੋਂ ਕਮਜ਼ੋਰ ਹੈ। 13 ਮਈ ਨੂੰ ਇਥੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਭਾਰੀ ਮਸ਼ੀਨਰੀ ਭੇਜੀ ਗਈ ਸੀ, ਜਿਸ ਵਿਚ ਇਕ ਪੋਕਲੇਨ ਮਸ਼ੀਨ, ਇਕ ਜੇਸੀਬੀ ਮਸ਼ੀਨ, ਟਿੱਪਰ ਤੇ ਟਰਾਲੀਆਂ ਹਨ। ਲਗਾਤਾਰ ਚੱਲ ਰਹੇ ਇਸ ਸੇਵਾ ਕਾਰਜ ਲਈ ਰੋਜ਼ਾਨਾ ਲਗਭਗ 1,000 ਲੀਟਰ ਡੀਜ਼ਲ ਦੀ ਖਪਤ ਹੋ ਰਹੀ ਹੈ। ਐੱਮਐੱਲਏ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੀ ਇਸ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਰੋਜ਼ਾਨਾ 15 ਤੋਂ 20 ਟਰੈਕਟਰ ਲਗਾਤਾਰ ਚੱਲ ਰਹੇ ਹਨ। ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਂਦਿਆਂ ਬਾਬਾ ਜੀ ਨੇ ਸਰਬੱਤ ਦੇ ਭਲੇ ਹਿੱਤ ਇਹ ਵੱਡਾ ਸੇਵਾ ਕਾਰਜ ਆਰੰਭਿਆ ਹੈ। ਅਸੀਂ ਸਮੂਹ ਇਲਾਕੇ ਦੀਆਂ ਪੰਚਾਇਤਾਂ ਤੇ ਮੁਹਤਬਰਾਂ ਵੱਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ। ਗੁਰੂ ਕਾ ਲੰਗਰ ਰੋਜ਼ਾਨਾ ਗੁਰਦੁਆਰਾ ਬਾਬਾ ਮਾਤਾ ਸੁਲੱਖਣੀ ਜੀ (ਸੁਲਤਾਨਪੁਰ ਲੋਧੀ) ਤੋਂ ਤਿਆਰ ਕਰਵਾ ਕੇ ਬੰਨ੍ਹ ’ਤੇ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਸੰਗਤ ਵਿਚ ਜਥੇਦਾਰ ਹੀਰਾ ਸਿੰਘ, ਸਾਬਕਾ ਸਰਪੰਚ ਕੁੰਦਨ ਸਿੰਘ ਚੱਕ, ਸਰਪੰਚ ਲਖਵਿੰਦਰ ਸਿੰਘ ਚੱਕ, ਬੋਹੜ ਸਿੰਘ ਹਜ਼ਾਰਾ, ਗੁਰਮੁਖ ਸਿੰਘ ਕਰਮੂਵਾਲਾ, ਸਾਹਿਬ ਸਿੰਘ ਕਰਮੂਵਾਲਾ, ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਡਾ. ਸਤਨਾਮ ਸਿੰਘ ਹਾਜੀਪੁਰ, ਚਮਕੌਰ ਸਿੰਘ ਹੁਸੈਨਪੁਰ ਬੂਲੇ, ਦਰਸ਼ਨ ਸਿੰਘ ਕਬੀਰਪੁਰ, ਅੰਗਰੇਜ਼ ਸਿੰਘ ਚੱਕ, ਕਰਨੈਲ ਸਿੰਘ ਸਰਦੁੱਲਾਪੁਰ, ਬਗੀਚਾ ਸਿੰਘ ਘੜਕਾ, ਅਰਸ਼ਦੀਪ ਸਿੰਘ ਘੜਕਾ ਤੇ ਹੋਰ ਕਈ ਮੋਹਤਬਰ ਸੱਜਣ ਹਾਜ਼ਰ ਸਨ।