ਦੋਆਬਾ ’ਚ ਬਹਾਰ ਰੁੱਤ ਦੀ ਮੂੰਗਫਲੀ ਮੱਕੀ ਦੇ ਬਦਲ ਵਜੋਂ ਉਭਰੀ
ਦੋਆਬਾ ਵਿੱਚ ਬਹਾਰ ਰੁੱਤ ਦੀ ਮੂੰਗਫਲੀ ਮੱਕੀ ਦੇ ਬਦਲ ਵਜੋਂ ਉਭਰੀ
Publish Date: Sat, 06 Jun 2026 09:02 PM (IST)
Updated Date: Sat, 06 Jun 2026 09:05 PM (IST)

--ਮੂੰਗਫਲੀ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਦੇ ਸਮਰੱਥ : ਸੰਤ ਸੀਚੇਵਾਲ --ਜ਼ਿਲ੍ਹੇ ਵਿੱਚ ਤਿੰਨ ਸਾਲ ਪਹਿਲਾਂ 9 ਕਿਲੋ ਬੀਜ ਲੈਕੇ ਆਈ ਯੂਨੀਵਰਸਿਟੀ 72 ਏਕੜ ਤੱਕ ਪਹੁੰਚੀ --ਕਿਸਾਨਾਂ ਲਈ ਮੂੰਗਫਲੀ ਨਵੀਂ ਆਮਦਨ ਦਾ ਬਣ ਜਾਵੇਗੀ ਸਾਧਨ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੋਆਬਾ ਖਿਤੇ ਵਿਚ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕਾਂ ਲਿਆਂਦੀਆਂ ਹਨ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੀ ਮੂੰਗਫ਼ਲੀ ਕਿਸਾਨਾਂ ਦੀਆਂ ਜੇਬਾਂ ਭਰ ਦੇਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਪਿੰਡ ਮੋਠਾਵਾਲ ਵਿਖੇ “ਖੇਤ ਦਿਵਸ ਤੇ ਟਰੈਵਲ ਸੈਮੀਨਾਰ” ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਨੇ ਪੰਜਾਬ ਦੀ ਧਰਤੀ ਹੇਠੋਂ ਮੁੱਕ ਰਹੇ ਪਾਣੀਆਂ ਨੂੰ ਬਚਾਉਣ ਲਈ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਕਰਨ ਦਾ ਹੋਕਾ ਦਿੱਤਾ। ਸੈਮੀਨਾਰ ਵਿਚ ਤਿੰਨ ਸਾਲ ਤੋਂ ਮੂੰਗਫ਼ਲੀ ਦੀ ਕਾਸ਼ਤ ਕਰਨ ਦੇ ਰਾਹ ਪਏ ਕਿਸਾਨਾਂ ਨੇ ਆਪਣੇ ਸਫ਼ਲ ਤਜ਼ਰਬੇ ਸਾਂਝੇ ਕੀਤੇ ਗਏ। ਸਾਲ ਵਿਚ ਦੋ ਵਾਰ ਹੋਣ ਵਾਲੀ ਮੂੰਗਫ਼ਲੀ ਦੀ ਫਸਲ ਨੂੰ ਖਾਦ ਨਹੀਂ ਪਾਉਣੀ ਪੈਂਦੀ ਤੇ ਮੱਕੀ ਦੇ ਮੁਕਾਬਲੇ ਪਾਣੀ ਬਹੁਤ ਘੱਟ ਲਗਾਉਣਾ ਪੈਂਦਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਸਮਾਗਮ ਵਿਚ ਬਤੌਰ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਦੀ ਮਜ਼ਬੂਤੀ ਲਈ ਫਸਲੀ ਵਿਭਿੰਨਤਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸੰਤ ਸੀਚੇਵਾਲ ਨੇ ਸੱਤਰਵਿਆਂ ਦੇ ਸਮੇਂ ਨੂੰ ਯਾਦ ਕਰਦਿਆ ਕਿਹਾ ਕਿ ਦੋਨਾ ਕਦੇ ਮੂੰਗਫ਼ਲੀ ਦੇ ਖਿੱਤੇ ਵਜੋਂ ਜਾਣਿਆ ਜਾਂਦਾ ਸੀ। ਸਮੇਂ ਦੇ ਨਾਲ ਮੌਸਮ ਵਿਚ ਆਈਆਂ ਤਬਦੀਲੀਆਂ ਤੇ ਮੀਂਹ ਘੱਟ ਪੈਣ ਕਾਰਨ ਤੇ ਝੋਨੇ ਦਾ ਬੱਝਵਾ ਮੁੱਲ ਮਿਲਣ ਕਾਰਨ ਮੂੰਗਫ਼ਲੀ ਬੀਜਣ ਦਾ ਰੁਝਾਨ ਘਟ ਗਿਆ। ਝੋਨੇ ਨਾਲ ਧਰਤੀ ਹੇਠਲੇ ਪਾਣੀ ‘ਤੇ ਦਬਾਅ ਵੱਧ ਗਿਆ। ਦੋਆਬੇ ਵਿਚ ਜਿਹੜਾ ਪਾਣੀ ਕਦੇ 30 ਫੁੱਟ ਤੱਕ ਅਸਾਨੀ ਨਾਲ ਮਿਲ ਜਾਂਦਾ ਸੀ, ਉਹ 300 ਫੁੱਟ ਤੱਕ ਡੂੰਘਾ ਹੋ ਗਿਆ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਉਦੋਂ ਹੀ ਬਚ ਸਕੇਗਾ ਜਦੋਂ ਪੰਜਾਬ ਆਪਣੀਆਂ ਰਵਾਇਤੀ ਫਸਲਾਂ ਵੱਲ ਪਰਤ ਆਵੇਗਾ। ਮੋਠਾਂਵਾਲ ਦੇ ਅਗਾਂਹਵਧੂ ਕਿਸਾਨ ਜਰਨੈਲ ਸਿੰਘ ਵੱਲੋਂ ਤਿੰਨ ਸਾਲ ਪਹਿਲਾਂ ਮੱਕੀ ਦੇ ਬਦਲ ਵਜੋਂ ਮੂੰਗਫ਼ਲੀ ਬੀਜਣ ਦੀ ਕੀਤੀ ਸ਼ੁਰੂਆਤ ਦੀ ਸੰਤ ਸੀਚੇਵਾਲ ਨੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਦੇ ਉਦਮ ਨਾਲ ਪੰਜਾਬ ਨੇ ਆਪਣੀਆਂ ਰਵਾਇਤੀ ਫਸਲਾਂ ਬੀਜਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਜਰਨੈਲ ਸਿੰਘ ਨੇ ਇਸ ਸਾਲ 26 ਏਕੜ ਰਕਬੇ ਵਿਚ ਮੂੰਗਫਲੀ ਦੀ ਬਿਜਾਈ ਕਰਕੇ ਖੇਤਰ ਦੇ ਕਿਸਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ, ਜਿਸ ਤਹਿਤ ਜ਼ਿਲ੍ਹੇ ਵਿਚ 3 ਸਾਲ ਪਹਿਲਾਂ ਆਈ 9 ਕਿਲੋ ਮੂੰਗਫਲੀ ਦੀ ਕਾਸ਼ਤ ਦਾ ਰਕਬਾ ਹੁਣ 72 ਏਕੜ ਤੱਕ ਪਹੁੰਚ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਇਕ ਨਿੱਗਰ ਤੇ ਨਰੋਈ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੀ ਮੂੰਗਫ਼ਲੀ ਸਾਲ ਵਿਚ ਦੋ ਵਾਰ ਹੋਣ ਵਾਲੀ ਫਸਲ ਹੈ। ਮੂੰਗਫ਼ਲੀ ਜ਼ਮੀਨ ਦੀ ਸਿਹਤ ਵੀ ਚੰਗੀ ਰੱਖਣ ਵਿਚ ਸਹਾਈ ਹੁੰਦੀ ਹੈ। ਸਾਲ ਵਿਚ ਇਸ ਦਾ ਝਾੜ 25 ਤੋਂ 28 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ। ਇਸ ਮੌਕੇ ਡਾ. ਹਰਿੰਦਰ ਸਿੰਘ, ਡਾ. ਮਨਦੀਪ ਸਿੰਘ, ਕਿਸਾਨ ਮਲਕੀਤ ਸਿੰਘ ਚੂੜਪੁਰ, ਅੰਕੁਸ਼, ਸ਼ਰਮਾ ਰਜਾਪੁਰ, ਬਲਵੀਰ ਸਿੰਘ ਕਮਾਲਪੁਰ, ਜਗਤਾਰ ਸਿੰਘ ਮੋਠਾਂਵਾਲ, ਗੁਰਵਿੰਦਰ ਸਿੰਘ, ਸ਼ੇਰ ਸਿੰਘ ਨਸੀਰੇਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਖੇਤੀ ਮਾਹਿਰ ਤੇ ਯੂਨੀਵਰਸਿਟੀ ਦੇ ਅਧਿਕਾਰੀ ਹਾਜ਼ਰ ਸਨ।