ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਕਰਵਾਇਆ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਕਰਵਾਇਆ
Publish Date: Fri, 05 Jun 2026 09:57 PM (IST)
Updated Date: Sat, 06 Jun 2026 04:15 AM (IST)

ਗੁਰਧਾਮਾਂ ਦੀ ਰੱਖਿਆ ਲਈ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਕੌਮ ਦਾ ਵੱਡਮੁੱਲਾ ਸਰਮਾਇਆ : ਮਕੱੜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਤੇ ਸ਼ਰਧਾ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 84 ਦੌਰਾਨ ਸ਼ਹੀਦ ਹੋਣ ਵਾਲੇ ਸਮੂਹ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਦੇ ਅੰਦਰ ਗੁਰੂ ਘਰ ਦੇ ਕੀਰਤਨੀਏ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜਥੇ ਨੇ ਗੁਰੂ ਸਾਹਿਬਾਂ ਵੱਲੋਂ ਉਚਰੀ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪ੍ਰਮੁੱਖ ਗੁਰਧਾਮਾਂ ਦੀ ਰਾਖੀ ਕਰਨ ਲਈ ਸ਼ਹੀਦ ਹੋਣ ਵਾਲੇ ਸਿੰਘ ਸਿੰਘਣੀਆਂ ਕੌਮ ਦਾ ਵੱਡਮੁੱਲਾ ਸਰਮਾਇਆ ਹਨ। ਜਿਨ੍ਹਾਂ ਦੀ ਲਾਸਾਨੀ ਕੁਰਬਾਨੀ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ ਹੈ। ਉਨਾਂ ਨੇ ਕਿਹਾ ਕਿ ਮਨੁੱਖੀ ਅਣਖ, ਵਿਚਾਰਾਂ ਦੀ ਸੁਤੰਤਰਤਾ ਅਤੇ ਗੁਰਧਾਮਾਂ ਦੀ ਰੱਖਿਆ ਲਈ ਵਹਿਸ਼ੀ ਹਾਕਮਾਂ ਦੇ ਸਾਹਮਣੇ ਆਤਮਕ ਬਲ ਦੀ ਉੱਚਤਤਾ ਦਰਸਾਉਣ ਦੀ ਖਾਤਰ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸਿੰਘ-ਸਿੰਘਣੀਆਂ ਦੀ ਕੁਰਬਾਨੀ ਸਾਡੇ ਸਾਰਿਆਂ ਲਈ ਇੱਕ ਚਾਨਣ ਦਾ ਮੁਨਾਰਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਗੁਰੂ ਸਾਹਿਬਾਂ ਵੱਲੋ ਬਖਸ਼ੇ ਭਗਤੀ ਤੇ ਸ਼ਕਤੀ ਦੇ ਸੰਕਲਪ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮਕੱੜ, ਰਜਿੰਦਰ ਸਿੰਘ ਡੰਗ, ਹਰਪਾਲ ਸਿੰਘ ਖਾਲਸਾ, ਬਲਬੀਰ ਸਿੰਘ ਭਾਟੀਆ, ਹਰਮਿੰਦਰ ਸਿੰਘ ਕੋਹਲੀ, ਭੁਪਿੰਦਰ ਸਿੰਘ ਜੁਨੇਜਾ, ਗੁਰਦੀਪ ਸਿੰਘ ਡੀਮਾਰਟੇ, ਐਨ ਪੀ ਸਿੰਘ ਕਥੂਰੀਆਂ, ਸੁਰਿੰਦਰਪਾਲ ਸਿੰਘ ਭੁਟੀਆਨੀ, ਹਰਮੀਤ ਸਿੰਘ ਡੰਗ, ਪਰਮਜੀਤ ਸਿੰਘ ਸੇਠੀ, ਅਵਤਾਰ ਸਿੰਘ ਬੀਕੇ, ਜੋਗਿੰਦਰ ਸਿੰਘ ਸਲੂਜਾ, ਮਨਮੋਹਨ ਸਿੰਘ ਹਾਜ਼ਰ ਸਨ।