ਸ੍ਰੀ ਅੰਬ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਮਨਾਇਆ ਘੱਲੂਘਾਰਾ ਦਿਵਸ, ਸੰਗਤ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਇਸ ਸਬੰਧੀ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਜਸਪਾਲ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਕੀਤਾ ਅਤੇ ਸੰਗਤ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
Publish Date: Sat, 06 Jun 2026 01:51 PM (IST)
Updated Date: Sat, 06 Jun 2026 01:58 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ 42ਵੀਂ ਬਰਸੀ ਮੌਕੇ ਘੱਲੂਘਾਰਾ ਦਿਵਸ ਸ਼ਾਂਤਮਈ ਤਰੀਕੇ ਨਾਲ ਮਨਾਇਆ ਗਿਆ।
ਇਸ ਸਬੰਧੀ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਜਸਪਾਲ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਕੀਤਾ ਅਤੇ ਸੰਗਤ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਮੁੱਖ ਗ੍ਰੰਥੀ ਭਾਈ ਚਰਨਜੀਤ ਸਿੰਘ ਨੇ ਘੱਲੂਘਾਰਾ ਦਿਵਸ ਬਾਰੇ ਸੰਗਤ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਸ ਵੇਲੇ ਦੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਤੇ ਹਮਲਾ ਕਰ ਕੇ ਭਾਰੀ ਨੁਕਸਾਨ ਕੀਤਾ ਗਿਆ ਸੀ, ਜਿਸ ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖ ਮਾਰੇ ਗਏ। ਉਸ ਵੇਲੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਕਈ ਸਿੱਖ ਸਰਕਾਰ ਦੇ ਇਸ ਹਮਲੇ ਖ਼ਿਲਾਫ਼ ਲੜਦੇ ਹੋਏ ਸ਼ਹੀਦ ਹੋਏ ਸਨ।
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਹਮਲਾ ਸਰਕਾਰ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ, ਜੋ ਰਹਿੰਦੇ ਸਮੇਂ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਘਟਨਾ ਨੂੰ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ ਪ੍ਰੰਤੂ ਇਸ ਦੇ ਜਖਮ ਅੱਜ ਵੀ ਹਰੇ ਹਨ। ਇਸ ਹਾਦਸੇ ਬਾਰੇ ਸੁਣ ਕੇ ਸੀਨੇ 'ਚੋਂ ਚੀਸ ਜਿਹੀ ਨਿਕਲਦੀ ਹੈ।
ਇਸ ਮੌਕੇ ਐਸਜੀਪੀਸੀ ਦੇ ਮੈਨੇਜਰ ਭਾਈ ਸੁਖਵਿੰਦਰ ਸਿੰਘ, ਇਸਤਰੀ ਸਤਿਸੰਗ ਜਥਾ ਦੀ ਮੁਖੀ ਬੀਬੀ ਹਰਬੰਸ ਕੌਰ, ਜਗਜੀਤ ਸਿੰਘ ਸਿੱਧੂ, ਜਗਦੀਪ ਸਿੰਘ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਸਤਵਿੰਦਰ ਸਿੰਘ ਅਤੇ ਦਲਜੀਤ ਸਿੰਘ ਸਮੇਤ ਹੋਰ ਸੰਗਤ ਮੌਜੂਦ ਸੀ।