- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮ ਹਰਜਿੰਦਰ ਸਿੰਘ (34) ਵੀ ਉਸੇ ਕੰਪਨੀ ਵਿਚ ਕੰਮ ਕਰਦਾ ਸੀ। ਡਿੰਪਲ ਅਤੇ ਹਰਜਿੰਦਰ ਪਿਛਲੇ ਕਰੀਬ 3 ਸਾਲਾਂ ਤੋਂ ਇਸੇ ਕੰਪਨੀ ਵਿਚ ਇਕੱਠੇ ਕੰਮ ਕਰ ਰਹੇ ਸਨ

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ :ਮੁਹਾਲੀ ਦੇ ਫੇਜ਼-11 ਸਥਿਤ ਇਕ ਕੰਪਨੀ ਦੇ ਦਫ਼ਤਰ ਅੰਦਰ ਵੀਰਵਾਰ ਨੂੰ ਵਾਪਰੇ ਖ਼ੌਫ਼ਨਾਕ ਕਤਲਕਾਂਡ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਦਫ਼ਤਰ ਦੇ ਅੰਦਰ ਹੀ ਆਪਣੀ ਸਾਥੀ ਮਹਿਲਾ ਕਰਮਚਾਰੀ ਡਿੰਪਲ ਦਾ ਚਾਕੂ ਨਾਲ ਤਾਬੜਤੋੜ ਹਮਲਾ ਕਰਕੇ ਕਤਲ ਕਰਨ ਅਤੇ ਬਾਅਦ ਵਿਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ, ਸਰਕਾਰੀ ਹਸਪਤਾਲ ਵਿਚ ਮ੍ਰਿਤਕਾ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ, ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਮੁਲਜ਼ਮ ਅਜੇ ਵੀ ਪੁਲਿਸ ਨਿਗਰਾਨੀ ਹੇਠ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।
ਮਾਮਲੇ ਦਾ ਪਿਛੋਕੜ :
ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ, ਮ੍ਰਿਤਕਾ ਲੜਕੀ, ਜਿਸਦੀ ਪਛਾਣ ਡਿੰਪਲ (30) ਵਜੋਂ ਹੋਈ ਹੈ, ਇਸ ਕੰਪਨੀ ਦੀ ਡਿਸਪੈਚ ਟੀਮ ਵਿਚ ਕੰਮ ਕਰਦੀ ਸੀ। ਮੁਲਜ਼ਮ ਹਰਜਿੰਦਰ ਸਿੰਘ (34) ਵੀ ਉਸੇ ਕੰਪਨੀ ਵਿਚ ਕੰਮ ਕਰਦਾ ਸੀ। ਡਿੰਪਲ ਅਤੇ ਹਰਜਿੰਦਰ ਪਿਛਲੇ ਕਰੀਬ 3 ਸਾਲਾਂ ਤੋਂ ਇਸੇ ਕੰਪਨੀ ਵਿਚ ਇਕੱਠੇ ਕੰਮ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਵਿਚ ਪਹਿਲਾਂ ਦੋਸਤੀ ਹੋਈ, ਜੋ ਹੌਲੀ-ਹੌਲੀ ਪਿਆਰ ’ਚ ਬਦਲ ਗਈ ਪਰ ਕੁਝ ਸਮਾਂ ਪਹਿਲਾਂ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਹਰਜਿੰਦਰ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਉਸਨੇ ਡਿੰਪਲ ਨਾਲ ਦੁਬਾਰਾ ਰਿਸ਼ਤਾ ਸੁਧਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਡਿੰਪਲ ਵੱਲੋਂ ਮਨ੍ਹਾ ਕਰਨ 'ਤੇ ਗੱਲ ਨਹੀਂ ਬਣ ਸਕੀ।
ਵਾਰਦਾਤ ਵਾਲੇ ਦਿਨ ਪੂਰੀ ਤਿਆਰੀ ਨਾਲ ਆਇਆ ਸੀ ਮੁਲਜ਼ਮ :
ਵੀਰਵਾਰ ਨੂੰ ਮੁਲਜ਼ਮ ਹਰਜਿੰਦਰ ਸਿੰਘ ਪੂਰੀ ਤਿਆਰੀ ਨਾਲ ਦਫ਼ਤਰ ਆਇਆ ਸੀ, ਜੋਕਿ ਆਪਣੇ ਨਾਲ ਇਕ ਚਾਕੂ ਲੈ ਕੇ ਆਇਆ ਸੀ। ਉਹ ਸਿੱਧਾ ਡਿੰਪਲ ਦੇ ਕੇਬਿਨ ਵਿਚ ਗਿਆ, ਉੱਥੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜਦੋਂ ਝਗੜਾ ਬਹੁਤ ਜ਼ਿਆਦਾ ਵੱਧ ਗਿਆ, ਤਾਂ ਹਰਜਿੰਦਰ ਨੇ ਅਚਾਨਕ ਚਾਕੂ ਕੱਢ ਲਿਆ ਅਤੇ ਡਿੰਪਲ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਆਸ-ਪਾਸ ਮੌਜੂਦ ਦਫ਼ਤਰ ਦੇ ਹੋਰ ਕਰਮਚਾਰੀ ਕੁਝ ਸਮਝ ਪਾਉਂਦੇ, ਉਸ ਤੋਂ ਪਹਿਲਾਂ ਹੀ ਡਿੰਪਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਕੇ ਡਿੱਗ ਪਈ। ਦਫ਼ਤਰ ਵਿਚ ਚੀਕ-ਚਿਹਾਰਾ ਅਤੇ ਅਫਰਾ-ਤਫਰੀ ਮਚ ਗਈ।
ਮ੍ਰਿਤਕਾ ਦੇ ਦਾਦਾ ਦਾ ਬਿਆਨ :
ਡਿੰਪਲ ਦੇ ਦਾਦਾ ਬਲਵੰਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੋਈ ਸੀ। ਉਹ ਬਹੁਤ ਹੀ ਹੁਸ਼ਿਆਰ ਅਤੇ ਮਿਹਨਤੀ ਲੜਕੀ ਸੀ। ਉਹ ਹਫ਼ਤੇ ਦੇ ਆਖ਼ੀਰ ਵਿਚ ਪਟਿਆਲਾ ਸਥਿਤ ਆਪਣੇ ਘਰ ਆਉਂਦੀ ਸੀ ਅਤੇ ਬਾਕੀ ਦਿਨ ਮੁਹਾਲੀ ਵਿਚ ਹੀ ਕਿਰਾਏ ਦੇ ਮਕਾਨ 'ਚ ਰਹਿ ਕੇ ਨੌਕਰੀ ਕਰਦੀ ਸੀ। ਉਨ੍ਹਾਂ ਕਿਹਾ ਕਿ ਡਿੰਪਲ ਹਰ ਗੱਲ ਪਰਿਵਾਰ ਨਾਲ ਸਾਂਝੀ ਕਰਦੀ ਸੀ, ਪਰ ਕਦੇ ਵੀ ਅਜਿਹੀ ਕੋਈ ਪਰੇਸ਼ਾਨੀ ਵਾਲੀ ਗੱਲ ਸਾਹਮਣੇ ਨਹੀਂ ਆਈ ਸੀ।
ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ :
ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡਿੰਪਲ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਵਿਚ ਚੱਲ ਰਹੀਆਂ ਪ੍ਰੇਮ ਪਿਆਰ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਗ਼ਲਤ ਅਤੇ ਨਿਰਾਧਾਰ ਦੱਸਿਆ ਹੈ। ਮ੍ਰਿਤਕਾ ਦੇ ਦਾਦਾ ਬਲਵੰਤ ਰਾਏ ਖੱਤਰੀ ਨੇ ਕਿਹਾ ਕਿ ਮੁਲਜ਼ਮ ਲੜਕੇ ਨਾਲ ਪਿਛਲੇ 3 ਸਾਲਾਂ ਤੋਂ ਪ੍ਰੇਮ ਸਬੰਧ ਹੋਣ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਝੂਠਾ ਹੈ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਡਿੰਪਲ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਦਾ ਕੀ ਕਹਿਣਾ ਹੈ?
ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ’ਚ ਫੇਜ਼-11 ਥਾਣੇ ਵਿਚ ਨੌਜਵਾਨ ਦੇ ਖ਼ਿਲਾਫ਼ ਐੱਫਆਈਆਰ ਨੰਬਰ 74 ਦਰਜ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਕੇਸ ਦੀ ਬਾਰੀਕੀ ਨਾਲ ਜਾਂਚ ਲਈ ਐੱਫ਼ਐੱਸਐੱਲ ਅਤੇ ਫੋਰੈਂਸਿਕ ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਅਹਿਮ ਸਬੂਤ ਇਕੱਠੇ ਕੀਤੇ ਹਨ।
ਘਟਨਾ ਨਾਲ ਸਬੰਧਤ ਸਾਰੀ ਸੀਸੀਟੀਵੀ ਫੁਟੇਜ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਮਾਮਲੇ ਦੀ ਅਗਲੀ ਕਾਨੂੰਨੀ ਤਫਤੀਸ਼ ਤੇਜ਼ੀ ਨਾਲ ਜਾਰੀ ਹੈ।