- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ, ਤਿੰਨ ਗ੍ਰਿਫ਼ਤਾਰ

ਪਿੰਡ ਮੀਮਸਾ ਦੇ ਰਹਿਣ ਵਾਲੇ 38 ਸਾਲਾ ਜਗਤਾਰ ਸਿੰਘ ਦੇ ਕਤਲ ਨੂੰ ਦੱਸਿਆ ਸੀ ਆਤਮਹੱਤਿਆ
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਥਾਣਾ ਸਦਰ ਧੂਰੀ ਦੇ ਖੇਤਰ ਵਿੱਚ ਵਾਪਰੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮ੍ਰਿਤਕ ਦੀ ਪਤਨੀ ਸਣੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ 8 ਮਈ 2026 ਨੂੰ ਪਿੰਡ ਮੀਮਸਾ ਦੇ ਰਹਿਣ ਵਾਲੇ 38 ਸਾਲਾ ਜਗਤਾਰ ਸਿੰਘ ਦੀ ਮੌਤ ਹੋ ਗਈ ਸੀ। ਉਸ ਸਮੇਂ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ 9 ਮਈ ਨੂੰ ਧਾਰਾ 194 ਬੀਐੱਨਐੱਸਐੱਸ ਤਹਿਤ ਕੁਦਰਤੀ ਮੌਤ ਦੀ ਕਾਰਵਾਈ ਕੀਤੀ ਗਈ ਸੀ।
ਐੱਸਪੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ’ਤੇ ਸ਼ੱਕ ਪੈਦਾ ਹੋਇਆ, ਜਿਸ ਉਪਰੰਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਸੰਦੀਪ ਸਿੰਘ ਤੇ ਥਾਣਾ ਸਦਰ ਧੂਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਕਰਨਵੀਰ ਸਿੰਘ ਸੰਧੂ ਸ਼ਾਮਲ ਸਨ।
ਮਨੁੱਖੀ ਸੂਤਰਾਂ ਅਤੇ ਤਕਨੀਕੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਭੋਗੀਵਾਲ ਦੇ ਰਹਿਣ ਵਾਲੇ ਸੁਖਵੀਰ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਜਗਤਾਰ ਸਿੰਘ ਇਨ੍ਹਾਂ ਸਬੰਧਾਂ ਵਿੱਚ ਰੁਕਾਵਟ ਬਣ ਰਿਹਾ ਸੀ, ਜਿਸ ਕਾਰਨ ਦੋਵਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।
ਪੁੱਛਗਿੱਛ ਦੌਰਾਨ ਸੁਖਵੀਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਜਗਤਾਰ ਸਿੰਘ ਨੂੰ ਪੈਸਿਆਂ ਦੇ ਲੈਣ-ਦੇਣ ਦੇ ਬਹਾਨੇ ਪਿੰਡ ਮੀਮਸਾ ਦੇ ਖੇਤਾਂ ’ਚ ਸਥਿਤ ਇਕ ਬੰਦ ਪਏ ਪਿੱਗ ਫਾਰਮ ’ਚ ਬੁਲਾਇਆ ਸੀ। ਉੱਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਯਾਸ਼ੀ ਮੁਹੰਮਦ ਉਰਫ਼ ਜੱਸੀ ਨੇ ਪਰਨਾ ਪਾ ਕੇ ਜਗਤਾਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ੀਆਂ ਨੇ ਇਸ ਘਟਨਾ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ।
ਪੋਸਟਮਾਰਟਮ ਰਿਪੋਰਟ ’ਚ ਕਤਲ ਦੀ ਪੁਸ਼ਟੀ ਹੋਣ ਤੋਂ ਬਾਅਦ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ। ਸੁਖਵੀਰ ਸਿੰਘ ਨੇ ਦੱਸਿਆ ਕਿ ਯਾਸ਼ੀ ਮੁਹੰਮਦ ਉਰਫ ਜੱਸੀ ਨੂੰ ਨਸ਼ੇ ਦਾ ਲਾਲਚ ਦੇ ਕੇ ਨਾਲ ਮਿਲਾਇਆ ਸੀ। ਪੁਲਿਸ ਨੇ ਮਨਪ੍ਰੀਤ ਕੌਰ, ਸੁਖਵੀਰ ਸਿੰਘ ਤੇ ਯਾਸ਼ੀ ਮੁਹੰਮਦ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਜਾਂਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।