ਪਿੰਡ ਹੰਡੋਲਾ ਦਾ ਅਭਿਨਵ ਰਾਣਾ ਭਾਰਤੀ ਨੌਸੈਨਾ ਵਿੱਚ ਬਣਿਆ ਹੈਲੀਕਾਪਟਰ ਪਾਇਲਟ
ਪਿੰਡ ਹੰਡੋਲਾ ਦਾ ਅਭਿਨਵ ਰਾਣਾ ਭਾਰਤੀ ਨੌਸੈਨਾ ਵਿੱਚ ਬਣਿਆ ਹੈਲੀਕਾਪਟਰ ਪਾਇਲਟ
Publish Date: Sat, 06 Jun 2026 06:01 PM (IST)
Updated Date: Sat, 06 Jun 2026 06:02 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਦੇ ਬਿਲਕੁਲ ਨਜ਼ਦੀਕੀ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਤਹਿਸੀਲ ਬੰਗਾਣਾ ਅਧੀਨ ਆਉਂਦੇ ਪਿੰਡ ਹੰਡੋਲਾ ਦੇ ਹੋਣਹਾਰ ਨੌਜਵਾਨ ਅਭਿਨਵ ਰਾਣਾ ਨੇ ਭਾਰਤੀ ਨੌਸੈਨਾ ਵਿੱਚ ਬਤੌਰ ਹੈਲੀਕਾਪਟਰ ਪਾਇਲਟ ਨਿਯੁਕਤ ਹੋ ਕੇ ਪੂਰੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕਰ ਦਿੱਤਾ ਹੈ । ਹਾਲ ਹੀ ਵਿੱਚ ਆਈ.ਐਨ.ਐਸ. ਰਜ਼ਾਲੀ ਵਿਖੇ ਹੋਈ ਗੌਰਵਮਈ ਪਾਸਿੰਗ ਆਊਟ ਪਰੇਡ ਦੌਰਾਨ ਦੇਸ਼ ਭਰ ਵਿੱਚੋਂ ਚੁਣੇ ਗਏ ਮਹਿਜ਼ 6 ਬੱਚਿਆਂ ਵਿੱਚੋਂ ਲੈਫਟੀਨੈਂਟ ਅਭਿਨਵ ਰਾਣਾ ਨੇ ਇਹ ਉੱਚ ਮੁਕਾਮ ਹਾਸਲ ਕੀਤਾ ਹੈ ਅਤੇ ਹੁਣ ਉਹ ਨੇਵੀ ਦੀ ਵਕਾਰੀ ਐਵੀਏਸ਼ਨ ਵਿੰਗ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ। ਅਭਿਨਵ ਰਾਣਾ ਦੀ ਇਸ ਸ਼ਾਨਦਾਰ ਸਫ਼ਲਤਾ ਤੇ ਉਹਨਾਂ ਦੇ ਪਿਤਾ ਸ਼ਾਮ ਸਿੰਘ ਰਾਣਾ ਨੇ ਬੇਹੱਦ ਭਾਵੁਕ ਅਤੇ ਖੁਸ਼ੀ ਭਰੇ ਲਹਿਜੇ ਵਿੱਚ ਦੱਸਿਆ ਕਿ ਉਹਨਾਂ ਦਾ ਪਰਿਵਾਰਿਕ ਪਿਛੋਕੜ ਪਹਿਲਾਂ ਹੀ ਫ਼ੌਜ ਨਾਲ ਜੁੜਿਆ ਹੋਇਆ ਹੈ। ਅਭਿਨਵ ਦੇ ਦਾਦਾ ਜੀ, ਉਸ ਦੇ ਨਾਨਾ ਜੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਦੇਸ਼ ਸੇਵਾ ਵਿੱਚ ਰਹੇ ਹਨ । ਉਹਨਾਂ ਦੱਸਿਆ ਕਿ ਨੇਵੀ ਵਿੱਚ ਆਉਣ ਤੋਂ ਪਹਿਲਾਂ ਅਭਿਨਵ ਐਨ.ਆਈ.ਟੀ. ਜਲੰਧਰ ਵਿੱਚ ਪੜ੍ਹਦਾ ਸੀ । ਜੇਕਰ ਉਹ ਉੱਥੇ ਹੀ ਰਹਿੰਦਾ ਤਾਂ ਉਸ ਨੂੰ ਬਹੁਤ ਵੱਡਾ ਕਾਰਪੋਰੇਟ ਪੈਕੇਜ ਮਿਲ ਸਕਦੀ ਸੀ, ਪਰ ਪੈਸੇ ਨੂੰ ਲੱਤ ਮਾਰ ਕੇ ਉਸ ਨੇ ਦੇਸ਼ ਵਾਸਤੇ ਕੁਝ ਵੱਖਰਾ ਅਤੇ ਅੱਛਾ ਕਰਨ ਦੇ ਜਜ਼ਬੇ ਨੂੰ ਚੁਣਿਆ । ਅਭਿਨਵ ਦੇ ਟ੍ਰੇਨਿੰਗ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਪਿਤਾ ਸ਼ਾਮ ਸਿੰਘ ਨੇ ਦੱਸਿਆ ਕਿ ਸਾਲ 2020 ਵਿੱਚ ਕੋਰੋਨਾ ਕਾਲ ਤੋਂ ਠੀਕ ਪਹਿਲਾਂ ਅਭਿਨਵ ਦੀ ਸਿਲੈਕਸ਼ਨ ਇੰਡੀਅਨ ਨੇਵਲ ਅਕੈਡਮੀ (ਐਜ਼ੀਮਲਾ, ਕੇਰਲਾ) ਵਿੱਚ ਹੋਈ ਸੀ । ਉੱਥੇ 4 ਸਾਲ ਦੀ ਸਖ਼ਤ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, 25 ਨਵੰਬਰ 2023 ਨੂੰ ਉਹ ਬਤੌਰ ਸਬ-ਲੈਫਟੀਨੈਂਟ ਪਾਸ ਆਊਟ ਹੋਇਆ । ਇਸ ਤੋਂ ਬਾਅਦ ਉਸ ਨੇ ਕੰਪਿਊਟਰਾਈਜ਼ਡ ਪਾਇਲਟ ਸਿਲੈਕਸ਼ਨ ਸਿਸਟਮ ਦਾ ਵੱਕਾਰੀ ਇਗਜ਼ਾਮ, ਜੋ ਕਿ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਹੀ ਦਿੱਤਾ ਜਾ ਸਕਦਾ ਹੈ, ਪਹਿਲੀ ਵਾਰ ਵਿੱਚ ਹੀ ਕਲੀਅਰ ਕਰ ਲਿਆ । ਇਸ ਤੋਂ ਬਾਅਦ ਉਸ ਦੀ ਸਟੇਜ-1 ਦੀ 6 ਮਹੀਨੇ ਦੀ ਟ੍ਰੇਨਿੰਗ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਵਿਖੇ ਹੋਈ ਅਤੇ ਅਗਲੀ 6 ਮਹੀਨੇ ਦੀ ਹੈਲੀਕਾਪਟਰ ਕਨਵਰਜ਼ਨ ਟ੍ਰੇਨਿੰਗ ਆਈ.ਐਨ.ਐਸ. ਰਜ਼ਾਲੀ ਵਿਖੇ ਪੂਰੀ ਕਰਕੇ ਉਹ ਅੱਜ ਮੁਕੰਮਲ ਤੌਰ ਤੇ ਹੈਲੀਕਾਪਟਰ ਪਾਇਲਟ ਬਣ ਕੇ ਉੱਭਰਿਆ ਹੈ। ਸ਼ਾਮ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਉਹ ਚੰਡੀਗੜ੍ਹ ਰਹਿੰਦੇ ਸਨ, ਤਾਂ ਉਹ ਅਖ਼ਬਾਰਾਂ ਵਿੱਚੋਂ ਫ਼ੌਜੀ ਭਰਤੀਆਂ ਦੀਆਂ ਖ਼ਬਰਾਂ ਦੇਖ ਕੇ ਆਪਸ ਵਿੱਚ ਬਤੌਰ ਦੋਸਤ ਚਰਚਾ ਕਰਦੇ ਹੁੰਦੇ ਸਨ । ਅਭਿਨਵ ਆਪਣੀ ਮਾਤਾ ਅਤੇ ਪਿਤਾ ਨਾਲ ਹਰ ਗੱਲ ਦੋਸਤਾਂ ਵਾਂਗ ਸਾਂਝੀ ਕਰਦਾ ਸੀ, ਜਿਸ ਕਾਰਨ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ । ਉਹਨਾਂ ਨੇ ਦੂਜੇ ਮਾਪਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ, ਅੱਜ ਦੇ ਦੌਰ ਵਿੱਚ ਜਿੱਥੇ ਸਾਡਾ ਯੂਥ ਨਸ਼ਿਆਂ ਵੱਲ ਖਿੱਚਿਆ ਜਾ ਰਿਹਾ ਹੈ, ਉੱਥੇ ਬੱਚਿਆਂ ਨੂੰ ਅਜਿਹੀਆਂ ਪ੍ਰਾਪਤੀਆਂ ਦਿਖਾ ਕੇ ਸਹੀ ਰਸਤੇ ਪਾਉਣ ਦੀ ਬਹੁਤ ਲੋੜ ਹੈ । ਕਈ ਮਾਪੇ ਇਕੱਲਾ ਪੁੱਤ ਹੋਣ ਕਰਕੇ ਜਾਂ ਪਾਇਲਟ ਦੀ ਨੌਕਰੀ ਨੂੰ ਖ਼ਤਰਨਾਕ ਸਮਝ ਕੇ ਬੱਚਿਆਂ ਨੂੰ ਰੋਕਦੇ ਨੇ, ਪਰ ਸਾਨੂੰ ਇਹ ਡਰ ਦਿਮਾਗ਼ ਵਿੱਚੋਂ ਕੱਢ ਕੇ ਬੱਚਿਆਂ ਨੂੰ ਉੱਚੇ ਅਹੁਦਿਆਂ ਵੱਲ ਭੇਜਣਾ ਚਾਹੀਦਾ ਹੈ। ਸਾਡੇ ਆਸ-ਪਾਸ ਦੇ 8-10 ਪਿੰਡਾਂ ਵਿੱਚ ਹਜੇ ਤੱਕ ਕੋਈ ਪਾਇਲਟ ਨਹੀਂ ਸੀ, ਇਸ ਲਈ ਇਹ ਪੂਰੇ ਇਲਾਕੇ ਲਈ ਇਤਿਹਾਸਕ ਮਾਣ ਵਾਲੀ ਗੱਲ ਹੈ।