ਸਵਰਨ ਸਿੰਘ ਭੰਗੂ ਦੇ ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ
ਸਵਰਨ ਸਿੰਘ ਭੰਗੂ ਦੇ ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ
Publish Date: Sat, 06 Jun 2026 05:55 PM (IST)
Updated Date: Sat, 06 Jun 2026 05:56 PM (IST)

ਜੋ ਸਾਰਾ ਜੀਵਨ ਮਾੜੇ ਸਿਸਟਮ ਦੇ ਖ਼ਿਲਾਫ਼ ਲੜਦਾ ਰਿਹਾ ਉਹ ਆਪ ਵੀ ਉਸੇ ਦੀ ਭੇਟ ਚੜ੍ਹ ਗਿਆ ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ 4 ਜੂਨ ਦਿਨ ਵੀਰਵਾਰ ਨੂੰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਇਕਲ ’ਤੇ ਸੈਰ ਕਰਨ ਨਿਕਲ਼ੇ ਸਨ। ਪ੍ਰਸਿੱਧ ਸਿੱਖਿਆ ਸ਼ਾਸਤਰੀ, ਸਮਾਜ ਸੇਵੀ ਅਤੇ ਤਰਕਸ਼ੀਲ ਚਿੰਤਕ ਸਵਰਨ ਸਿੰਘ ਭੰਗੂ ਅਚਾਨਕ ਮੂੰਹ ਹਨੇਰੇ, ਗਲੀ ਦੇ ਨਾਲ ਲੱਗਦੇ ਇਕ ਖੁੱਲ੍ਹੇ ਗੰਦੇ ਨਾਲੇ ਵਿਚ ਸਾਇਕਲ ਸਮੇਤ ਜਾ ਡਿੱਗੇ। ਜਿਸਦਾ ਪਤਾ ਉਹਨਾਂ ਦੀ ਤਲਾਸ਼ ਦੌਰਾਨ ਤਕਰੀਬਨ ਢਾਈ ਘੰਟੇ ਬਾਅਦ ਲੱਗਿਆ, ਉਦੋਂ ਤੱਕ ਸਵਰਨ ਭੰਗੂ ਇਸ ਗੰਦੇ ਸਿਸਟਮ ਦੀ ਭੇਂਟ ਚੜ੍ਹ ਚੁੱਕੇ ਸਨ। ਇਹ ਖਬਰ ਸ਼ਹਿਰ ਵਿਚ ਅੱਗ ਦੀ ਤਰ੍ਹਾਂ ਫੈਲ ਗਈ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਨਹਾਉਣ ਉਪਰੰਤ ਸਿਵਲ ਹਸਪਤਾਲ ਰੂਪਨਗਰ ਵਿਖੇ ਰਖਵਾ ਦਿੱਤਾ ਗਿਆ। ਉਨ੍ਹਾਂ ਦੇ ਬੇਟੇ ਬਾਗੀ ਭੰਗੂ, ਨੂੰਹ ਅਤੇ ਪੋਤਿਆਂ ਦੇ ਆਸਟ੍ਰੇਲੀਆ ਤੋਂ ਆਉਣ ਉਪਰੰਤ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦਾ ਮ੍ਰਿਤਕ ਸਰੀਰ ਉਨਾਂ ਵੱਲੋਂ ਬਣਾਏ ਗਏ ਸਕੂਲ ਕੰਗ ਯਾਦਗਾਰੀ ਸਿੱਖਿਆ ਸੰਸਥਾ ਬੱਸੀ ਗੁੱਜਰਾਂ ਸ੍ਰੀ ਚਮਕੌਰ ਸਾਹਿਬ ਵਿਖੇ ਸਵੇਰੇ 8 ਤੋਂ 10 ਵਜੇ ਤੱਕ ਰੱਖਿਆ ਗਿਆ। ਇਸ ਦੇ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਦੁਪਹਿਰ 12 ਵਜੇ ਤੱਕ ਆਦਰਸ਼ ਭਵਨ ਸ੍ਰੀ ਚਮਕੌਰ ਸਾਹਿਬ ਵਿਖੇ ਰੱਖਿਆ ਗਿਆ, ਜਿੱਥੇ ਉਨਾਂ ਦੇ ਅੰਤਿਮ ਦਰਸ਼ਨਾਂ ਲਈ ਜਨ ਸੈਲਾਬ ਉਮੜਿਆ ਹੋਇਆ ਸੀ। ਬਾਅਦ ਦੁਪਹਿਰ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਰਿਸਰਚ ਲਈ ਪੀਜੀਆਈ ਚੰਡੀਗੜ੍ਹ ਨੂੰ ਦੇ ਦਿੱਤੀ ਗਈ। ਇਸ ਮੌਕੇ ਪੰਜਾਬੀ ਸਿਨੇਮਾ ਦੀਆਂ ਲੱਗਭੱਗ ਸਾਰੀਆਂ ਹੀ ਨਾਮਵਰ ਸ਼ਖਸੀਅਤਾਂ, ਧਾਰਮਿਕ ਤੇ ਰਾਜਨੀਤਿਕ ਸਖਸੀਅਤਾਂ, ਸਕੂਲੀ ਬੱਚੇ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਨੂੰ ਪਹੁੰਚੇ ਹੋਏ ਸਨ। ਪੂਰੇ ਸ਼ਹਿਰ ਵਿਚ ਸੋਗ ਦਾ ਮਾਹੌਲ ਸੀ ਤੇ ਹਰ ਅੱਖ ਨਮ ਸੀ। ਇਸ ਮੌਕੇ ਅਦਾਕਾਰਾ ਨਿਰਮਲ ਰਿਸ਼ੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਸਵਰਨ ਸਿੰਘ ਭੰਗੂ ਨੇ ਆਪਣਾ ਸਾਰਾ ਜੀਵਨ ਸਿੱਖਿਆ, ਸਮਾਜਿਕ ਜਾਗਰੂਕਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ। ਉਨ੍ਹਾਂ ਵੱਲੋਂ ਆਪਣੀ ਦੇਹ ਪੀਜੀਆਈ ਨੂੰ ਦਾਨ ਕਰਨ ਦਾ ਫ਼ੈਸਲਾ ਵੀ ਉਨ੍ਹਾਂ ਦੀ ਉੱਚੀ ਸੋਚ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਦਾ ਜੀਵਨ ਸਮਾਜ ਲਈ ਇੱਕ ਪ੍ਰੇਰਣਾ ਸਰੋਤ ਬਣਿਆ ਰਹੇਗਾ। ਉਨ੍ਹਾਂ ਦੇ ਵਿਛੋੜੇ ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ, ਪਰਿਵਾਰ, ਸਿੱਖਿਆ ਜਗਤ ਅਤੇ ਸਮੁੱਚੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਦਾਕਾਰਾ ਮਲਕੀਤ ਰੌਣੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਨਸਾਨ ਚਲਾ ਜਾਂਦਾ ਹੈ, ਪ੍ਰੰਤੂ ਉਸ ਦੇ ਵਿਚਾਰ, ਉਸ ਦੀ ਕੀਤੀ ਗਈ ਸੇਵਾ ਅਤੇ ਉਸ ਦੀਆਂ ਨੇਕ ਕਿਰਤਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ। ਸਵਰਨ ਸਿੰਘ ਭੰਗੂ ਜਿਉਂਦੇ ਜੀਅ ਆਪਣਾ ਸਰੀਰ ਮੈਡੀਕਲ ਰਿਸਰਚ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰਕੇ, ਜਾਂਦੇ ਜਾਂਦੇ ਵੀ ਦੁਨੀਆਂ ਨੂੰ ਵੱਡੀ ਸਿੱਖਿਆ ਦੇ ਗਏ।