ਮਾਮਲਾ ਸਕੂਲ ਬੱਸ ਡਰਾਈਵਰ ਵੱਲੋਂ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦਾ
ਮਾਮਲਾ ਸਕੂਲ ਬੱਸ ਡਰਾਈਵਰ ਵੱਲੋਂ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦਾ
Publish Date: Fri, 05 Jun 2026 06:38 PM (IST)
Updated Date: Sat, 06 Jun 2026 04:05 AM (IST)

ਇਨਸਾਫ਼ ਲਈ ਬੀਕੇਯੂ ਡਕੌਂਦਾ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਪੁਲਿਸ ਪ੍ਰਸ਼ਾਸਨ ਪੱਖੋਂ ਕੈਂਚੀਆਂ ਨੂੰ ਮਿਲੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਚੀਮਾ ਦੀ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੂੰ ਸਕੂਲ ਬੱਸ ਦੇ ਡਰਾਈਵਰ ਵੱਲੋਂ ਵਰਗਲਾ ਕੇ ਲੈ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬੀਤੀ 20 ਮਈ ਨੂੰ ਵਾਪਰੀ ਇਸ ਘਟਨਾ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੀੜਤ ਲੜਕੀ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਅੱਜ ਪੁਲਿਸ ਪ੍ਰਸ਼ਾਸਨ ਪੱਖੋਂ ਕੈਂਚੀਆਂ ਨਾਲ ਮੁਲਾਕਾਤ ਕਰ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਮੁਲਾਕਾਤ ਦੌਰਾਨ ਪੁਲਿਸ ਚੌਕੀ ਇੰਚਾਰਜ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਇਸ ਮਾਮਲੇ ’ਤੇ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਬਹੁਤ ਜਲਦ ਨਾਬਾਲਗ ਲੜਕੀ ਨੂੰ ਬਰਾਮਦ ਕਰਕੇ ਮੁਲਜ਼ਮ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਬੀਕੇਯੂ ਡਕੌਂਦਾ ਦੇ ਇਕਾਈ ਪ੍ਰਧਾਨ ਜਸਦੇਵ ਸਿੰਘ ਚੀਮਾ, ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ, ਇਨਕਲਾਬੀ ਕੇਂਦਰ ਪੰਜਾਬ (ਬਰਨਾਲਾ) ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਪਾਲ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਸਪਾਲ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਆਖਿਆ ਕਿ ਘਟਨਾ ਨੂੰ ਦੋ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਪਰ ਪਰਿਵਾਰ ਅਜੇ ਵੀ ਇਨਸਾਫ਼ ਲਈ ਭਟਕ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੁਲਿਸ ਪ੍ਰਸ਼ਾਸਨ ਨੇ ਬਿਨਾਂ ਕਿਸੇ ਦੇਰੀ ਦੇ ਲੜਕੀ ਨੂੰ ਸੁਰੱਖਿਅਤ ਬਰਾਮਦ ਨਾ ਕੀਤਾ ਤੇ ਦੋਸ਼ੀ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਨਾ ਸੁੱਟਿਆ, ਤਾਂ ਜਨਤਕ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੌਰਾਨ ਹੋਣ ਵਾਲੇ ਕਿਸੇ ਵੀ ਅਮਨ-ਕਾਨੂੰਨ ਦੇ ਨੁਕਸਾਨ ਦੀ ਸਿੱਧੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਜਗਦੇਵ ਸਿੰਘ (ਇਕਾਈ ਪ੍ਰਧਾਨ ਪਿੰਡ ਚੀਮਾ, ਬੀਕੇਯੂ ਡਕੌਂਦਾ), ਅਵਤਾਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਗੁਰਮੀਤ ਸਿੰਘ (ਮੀਤ ਪ੍ਰਧਾਨ), ਮਾਸਟਰ ਅਜਮੇਰ ਕਾਲਸਾ (ਜ਼ਿਲ੍ਹਾ ਕਮੇਟੀ ਮੈਂਬਰ), ਸੁਖਵਿੰਦਰ ਠੀਕਰੀਵਾਲਾ (ਜ਼ਿਲ੍ਹਾ ਜਨਰਲ ਸਕੱਤਰ, ਇਨਕਲਾਬੀ ਕੇਂਦਰ ਪੰਜਾਬ), ਅਮਰਨਾਥ ਅਮਰੀ, ਗਗਨਦੀਪ ਗੱਗੂ ਭਾਸਕਰ ਅਤੇ ਰਾਮ ਦੁਲਾਰਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।