ਨਿੰਮ ਦਾ ਰੁੱਖ ਵੱਢਣ ਵਾਲਿਆਂ ਖ਼ਿਲਾਫ਼ 5 ਮਹੀਨੇ ਬਾਅਦ ਵੀ ਨਹੀਂ ਹੋਈ ਕਾਰਵਾਈ
ਵਾਤਾਵਰਣ ਦਿਵਸ ’ਤੇ ਵਿਸ਼ੇਸ਼:: ਗੈਰ ਕਾਨੂੰਨੀ ਨਿੰਮ ਦਾ ਰੁੱਖ ਵੱਢਣ ਵਾਲਿਆਂ ਖਿਲਾਫ਼ ਪੰਜ ਮਹੀਨੇ ਬੀਤਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ
Publish Date: Fri, 05 Jun 2026 04:16 PM (IST)
Updated Date: Sat, 06 Jun 2026 04:02 AM (IST)

ਵਾਤਾਵਰਣ ਦਿਵਸ ’ਤੇ ਵਿਸ਼ੇਸ਼: :: ਵਣ ਰੇਂਜ ਅਫ਼ਸਰ ਬਰਨਾਲਾ ਨੇ ਪੁੱਡਾ ਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਲਈ 5 ਮਹੀਨੇ ਪਹਿਲਾਂ ਲਿਖਿਆ ਸੀ ਪੱਤਰ :: ਥਾਣਾ ਮੁਖੀ ਬਰਨਾਲਾ ਨੂੰ 11 ਫਰਵਰੀ ਨੂੰ ਪੁੱਡਾ ਦੇ ਅਧਿਕਾਰੀਆਂ ਨੇ ਲਿਖਿਆ ਸੀ ਪੱਤਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੁੱਡਾ ਮਾਰਕੀਟ ਬਰਨਾਲਾ ਵਿਚੋਂ ਦਸੰਬਰ 2025 ’ਚ ਨਿੰਮ ਦਾ 100 ਸਾਲ ਪੁਰਾਣਾ ਹਰਿਆ ਭਰਿਆ ਰੁੱਖ ਗੈਰ ਕਾਨੂੰਨੀ ਵੱਢਣ ਵਾਲੇ ਵਿਆਕਤੀਆਂ ਖ਼ਿਲਾਫ਼ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਸਿਰਫ ਪੱਤਰ ਲਿਖ ਕੇ ਕੰਮ ਨੂੰ ਠੰਡੇ ਬਸਤੇ ਪਾਇਆ ਗਿਆ ਹੈ। ਵਾਤਾਵਰਨ ਪ੍ਰੇਮੀਆਂ ਵੱਲੋਂ ਉਕਤ ਗੈਰ ਕਾਨੂੰਨੀ ਨਿੰਮ ਦਾ ਰੁੱਖ ਵੱਢਣ ਵਾਲੇ ਵਿਆਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਅਗਵਾਈ ’ਚ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਿਖੇ ਪਟੀਸ਼ਨ ਵੀ ਪਾਈ ਹੋਈ ਹੈ। ਜੋ ਕਿ ਮਾਮਲਾ ਸੁਣਵਾਈ ਅਧੀਨ ਹੈ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਕਿ ਪੁੱਡਾ ਮਾਰਕੀਟ ਬਰਨਾਲਾ ’ਚੋਂ 100 ਸਾਲ ਪੁਰਾਣਾ ਨਿੰਮ ਦਾ ਹਰਿਆ ਭਰਿਆ ਰੁੱਖ ਪੁੱਡਾ ਦੇ ਜਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਨਾਲ ਗੈਰ ਕਾਨੂੰਨੀ ਵੱਢਿਆ ਗਿਆ ਸੀ। ਇਹ ਨਿੰਮ ਦੇ ਨਾਲ ਬਰਨਾਲਾ ਵਾਸੀਆਂ ਦੀਆਂ ਅਨੇਕ ਯਾਦਾਂ ਜੁੜੀਆਂ ਹੋਈਆਂ ਸਨ। ਕਿਉਂਕਿ ਇਸ ਸਥਾਨ ’ਤੇ ਪਹਿਲਾ ਬਰਨਾਲਾ ਦਾ ਤਹਿਸੀਲ ਦਫ਼ਤਰ ਤੇ ਹੋਰ ਸਰਕਾਰੀ ਦਫ਼ਤਰ ਹੁੰਦੇ ਸਨ। ਬਰਨਾਲਾ ਨਿਵਾਸੀ ਇਸ ਨਿੰਮ ਦੀ ਸੰਘਣੀ ਛਾਂ ਹੇਠਾਂ ਬੈਠ ਕੇ ਆਪਣਾ ਸਮਾਂ ਬਤੀਤ ਕਰਦੇ ਸਨ। ਇਸ ਨਿੰਮ ਨੂੰ ਗੈਰ ਕਾਨੂੰਨੀ ਵੱਢਣ ਸਬੰਧੀ ਵਣ ਰੇਂਜ ਅਫ਼ਸਰ ਬਰਨਾਲਾ ਨੇ ਆਪਣੇ 18 ਦਸੰਬਰ 2025 ਦੇ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰ ਰਾਹੀਂ ਸਪੱਸ਼ਟ ਲਿਖਿਆ ਹੈ ਕਿ ਇਹ ਨਿੰਮ ਦਾ ਰੁੱਖ ਗੈਰ ਕਾਨੂੰਨੀ ਪੁੱਡਾ ਦੇ ਅਧਿਕਾਰੀਆਂ ਦੀ ਅਣਗਹਿਲੀ ਨਾਲ ਵੱਢਿਆ ਗਿਆ ਹੈ। ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਸੀ। ਪੁੱਡਾ ਦੇ ਅਧਿਕਾਰੀਆਂ ਨੇ ਮੁੱਖ ਅਫ਼ਸਰ ਪੁਲਿਸ ਥਾਣਾ ਬਰਨਾਲਾ ਨੂੰ 11 ਫਰਵਰੀ 2026 ਨੂੰ ਪੱਤਰ ਲਿਖ ਕੇ ਨਿੰਮ ਦਾ ਰੁੱਖ ਵੱਢਣ ਵਾਲੇ ਠੇਕੇਦਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਲਿਖਿਆ ਸੀ। ਅੱਜ ਪੰਜ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਨੇ ਨਿੰਮ ਦਾ ਗੈਰ ਕਾਨੂੰਨੀ ਰੁੱਖ ਵੱਢਣ ਵਾਲੇ ਕਿਸੇ ਵੀ ਵਿਆਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਨਿੰਮ ਦਾ ਰੁੱਖ ਗੈਰ ਕਾਨੂੰਨੀ ਵੱਢ ਕੇ ਹਾਈਕੋਰਟ ਦੇ ਹੁਕਮਾਂ, ਪੰਜਾਬ ਸਰਕਾਰ ਦੀ ਲੈਂਡ ਪਾਲਿਸੀ 2024, ਵਾਤਾਵਰਨ ਰੱਖਿਆ ਐਕਟ 1986 ਦੀ ਉਲੰਘਣਾ ਕੀਤੀ ਹੈ। ਮਾਮਲੇ ਸਬੰਧੀ ਐੱਨ.ਜੀ.ਟੀ ਨਵੀ ਦਿੱਲੀ ਵਿਖੇ ਪਟੀਸ਼ਨ ਪਾਉਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੀਂਦ ਨਹੀਂ ਖੁੱਲ੍ਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਡੀਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਨਿੰਮ ਦਾ ਹਰਿਆ ਭਰਿਆ ਰੁੱਖ ਵੱਢਣ ਵਾਲੇ ਵਿਆਕਤੀਆਂ ਤੇ ਪੁੱਡਾ ਦੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਰਕਾਰੀ ਅਧਿਕਾਰੀਆਂ ਵੱਲੋਂ ਲਿਖੇ ਪੱਤਰਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।