- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਪਨ ਰੋਲਰ ਸਕੇਟਿੰਗ ਮੁਕਾਬਲੇ ਵਿਚ ਬ੍ਰਿਟਿਸ਼ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਬਰਾਂਜ਼ ਮੈਡਲ, ਸਕੂਲ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

- ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ, ਮੈਨੇਜਮੈਂਟ ਵੱਲੋਂ ਵਿਸ਼ੇਸ਼ ਸਨਮਾਨ
ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਖੇਡਾਂ ਦੇ ਖੇਤਰ ਵਿਚ ਇਲਾਕੇ ਦੇ ਬੱਚਿਆਂ ਵੱਲੋਂ ਲਗਾਤਾਰ ਮੱਲਾਂ ਮਾਰਨ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਬੀਤੇ ਦਿਨੀਂ ਕਰਵਾਏ ਵੱਕਾਰੀ ‘ਓਪਨ ਰੋਲਰ ਸਕੇਟਿੰਗ ਮੁਕਾਬਲੇ’ ਵਿਚ ਬ੍ਰਿਟਿਸ਼ ਸਕੂਲ ਪੱਟੀ ਦੇ ਹੋਣਹਾਰ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਮਗੇ ਬਰਾਂਜ਼ ਮੈਡਲ ਜਿੱਤ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਖਿਡਾਰੀਆਂ ਦੀ ਇਸ ਬਿਹਤਰੀਨ ਪ੍ਰਾਪਤੀ ਨਾਲ ਜਿਥੇ ਸਕੂਲ ਦਾ ਨਾਮ ਪੂਰੇ ਇਲਾਕੇ ਵਿਚ ਰੌਸ਼ਨ ਹੋਇਆ ਹੈ, ਉਥੇ ਹੀ ਮਾਪਿਆਂ ਅਤੇ ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਖੇਡ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਅਤੇ ਅਕੈਡਮੀਆਂ ਦੇ ਸੈਂਕੜੇ ਚੋਟੀ ਦੇ ਸਕੇਟਰਾਂ ਨੇ ਹਿੱਸਾ ਲਿਆ ਸੀ। ਮੁਕਾਬਲੇ ਦੌਰਾਨ ਸਖ਼ਤ ਟੱਕਰ ਦੇ ਬਾਵਜੂਦ, ਸਕੂਲ ਦੇ ਇਨ੍ਹਾਂ ਹੋਣਹਾਰ ਬੱਚਿਆਂ ਨੇ ਆਪਣੀ ਤਕਨੀਕ, ਸਪੀਡ ਅਤੇ ਸ਼ਾਨਦਾਰ ਸੰਤੁਲਨ ਦੀ ਬਦੌਲਤ ਵਿਰੋਧੀਆਂ ਨੂੰ ਪਛਾੜ ਕੇ ਮੈਡਲ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਬਰਾਂਜ਼ ਮੈਡਲ ਜਿੱਤਣ ਵਾਲੇ ਜੇਤੂ ਖਿਡਾਰੀਆਂ ਵਿਚ ਰੁਬਾਇਤ, ਯਸ਼ਰਾਜ ਸਿੰਘ, ਅਵੀਰਾਜ ਸਿੰਘ, ਸਹਿਜਦੀਪ ਕੌਰ, ਏਕਮਜੋਤ ਸਿੰਘ, ਅਨੰਤਪਾਲ ਸਿੰਘ, ਮਨਰਾਜ ਸਿੰਘ, ਆਰਵਦੀਪ ਸਿੰਘ, ਸੁਖਮੀਤ ਸਿੰਘ, ਸ਼ੁਭਰੀਤ ਕੌਰ, ਅਨਮੋਲਦੀਪ ਸਿੰਘ, ਹਰਮੀਤ ਸਿੰਘ, ਗੁਰਮਨਤਾਜ ਸਿੰਘ, ਐਸ਼ਮਿਤਾ ਕੌਰ ਅਤੇ ਵੀਰਪ੍ਰਤਾਪ ਕੌਰ ਸ਼ਾਮਿਲ ਹਨ। ਮੈਡਲ ਜਿੱਤ ਕੇ ਪਰਤੇ ਖਿਡਾਰੀਆਂ ਦਾ ਸਕੂਲ ਕੈਂਪਸ ਪਹੁੰਚਣ ’ਤੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਤਾਲੀਆਂ ਦੀ ਗੂੰਜ ਵਿਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਜੇਤੂ ਸਕੇਟਰਾਂ ਨੂੰ ਮੈਡਲ ਪਹਿਨਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਖੇਡ ਕੋਚ ਦੀ ਵੀ ਪਿੱਠ ਥਾਪੜੀ, ਜਿਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਬੱਚੇ ਇਸ ਮੁਕਾਮ ਤਕ ਪਹੁੰਚੇ।
- ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ : ਪ੍ਰਬੰਧਕ ਮਲਕੀਅਤ ਸਿੰਘ ਸੰਧੂ
ਇਸ ਮੌਕੇ ਸਕੂਲ ਦੇ ਚੇਅਰਮੈਨ ਮਲਕੀਅਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਬੱਚਿਆਂ ਨੂੰ ਨਸ਼ਿਆਂ ਅਤੇ ਮੋਬਾਈਲ ਦੀ ਬਹੁਤੀ ਵਰਤੋਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਉੱਤਮ ਸਾਧਨ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਅੱਗੇ ਵੱਧਣ ਲਈ ਹਰ ਤਰ੍ਹਾਂ ਦੇ ਆਧੁਨਿਕ ਖੇਡ ਸਾਮਾਨ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਜੇਤੂ ਬੱਚਿਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਦੀ ਪ੍ਰੇਰਨਾ ਅਤੇ ਕੋਚ ਦੀ ਸਿਖਲਾਈ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਰਾਸ਼ਟਰੀ ਪੱਧਰ ’ਤੇ ਗੋਲਡ ਮੈਡਲ ਜਿੱਤਣ ਲਈ ਹੁਣ ਤੋਂ ਹੀ ਹੋਰ ਸਖ਼ਤ ਮਿਹਨਤ ਸ਼ੁਰੂ ਕਰਨਗੇ।