ਵਿਅਰਥ ਹੈ ਛਲ-ਕਪਟ
ਮਨੁੱਖ ਨੇ ਆਪਣੀ ਬੌਧਿਕ ਸਮਰੱਥਾ ਨਾਲ ਮਨੋਵਿਗਿਆਨ ਵਿਕਸਤ ਕਰ ਕੇ ਮਨੋਰੋਗਾਂ ਦੇ ਇਲਾਜ ਦਾ ਤਰੀਕਾ ਬਣਾ ਲਿਆ ਹੈ। ਫਿਰ ਵੀ ਮਨ ਦੀ ਹਕੀਕਤ ਨੂੰ ਪਛਾਣ ਪਾਉਣਾ ਅੱਜ ਵੀ ਅਸੰਭਵ ਹੈ। ਛਲ, ਪਰਪੰਚ ਉਦੋਂ ਸਮਝ ਆਉਂਦਾ ਹੈ ਜਦ ਵਾਪਰ ਚੁੱਕਾ ਹੁੰਦਾ ਹੈ ਅਤੇ ਉਸ ਦੇ ਮਾੜੇ ਨਤੀਜੇ ਪ੍ਰਗਟ ਹੋਣ ਲੱਗਦੇ ਹਨ।
Publish Date: Fri, 05 Jun 2026 10:27 PM (IST)
Updated Date: Sat, 06 Jun 2026 07:39 AM (IST)

ਮਨੁੱਖ ਨੇ ਆਪਣੀ ਬੌਧਿਕ ਸਮਰੱਥਾ ਨਾਲ ਮਨੋਵਿਗਿਆਨ ਵਿਕਸਤ ਕਰ ਕੇ ਮਨੋਰੋਗਾਂ ਦੇ ਇਲਾਜ ਦਾ ਤਰੀਕਾ ਬਣਾ ਲਿਆ ਹੈ। ਫਿਰ ਵੀ ਮਨ ਦੀ ਹਕੀਕਤ ਨੂੰ ਪਛਾਣ ਪਾਉਣਾ ਅੱਜ ਵੀ ਅਸੰਭਵ ਹੈ। ਛਲ, ਪਰਪੰਚ ਉਦੋਂ ਸਮਝ ਆਉਂਦਾ ਹੈ ਜਦ ਵਾਪਰ ਚੁੱਕਾ ਹੁੰਦਾ ਹੈ ਅਤੇ ਉਸ ਦੇ ਮਾੜੇ ਨਤੀਜੇ ਪ੍ਰਗਟ ਹੋਣ ਲੱਗਦੇ ਹਨ। ਕੋਈ ਮਨੁੱਖ ਜੋ ਬੋਲ ਰਿਹਾ ਹੈ, ਜੋ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਇਸ ਨੂੰ ਜਾਣਨ ਦਾ ਕੋਈ ਵਿਗਿਆਨ ਹਾਲੇ ਤੱਕ ਵਿਕਸਤ ਨਹੀਂ ਹੋ ਸਕਿਆ ਹੈ। ਮਹਿਜ਼ ਅਨੁਮਾਨ ਲਗਾਏ ਜਾਂਦੇ ਹਨ ਅਤੇ ਪੂਰਵ-ਅਨੁਮਾਨਾਂ ਦੇ ਆਧਾਰ ’ਤੇ ਸਿੱਟੇ ਕੱਢੇ ਜਾਂਦੇ ਹਨ ਪਰ ਨਿਸ਼ਚਤ ਕੁਝ ਨਹੀਂ ਹੁੰਦਾ। ਇਸ ਨਾਲ ਸਮਾਜ ਵਿਚ ਸਦਾ ਬੇਭਰੋਸਗੀ ਦਾ ਭਾਵ ਬਣਿਆ ਰਹਿੰਦਾ ਹੈ। ਮਨੁੱਖ ਆਪਣੇ ਮਨੋਭਾਵਾਂ ਨੂੰ ਲੁਕਾਉਣ ਵਿਚ ਸਫਲ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਤੋਂ ਮਿਲੀ ਉਸ ਦੀ ਬੌਧਿਕ ਕਾਬਲੀਅਤ ਹੋਰ ਜੀਵਾਂ ਨਾਲੋਂ ਸ੍ਰੇਸ਼ਠ ਹੈ। ਪਰ ਇਹ ਪ੍ਰਵਿਰਤੀ ਸਦਾ ਘਾਤਕ ਸਿੱਧ ਹੋਈ ਹੈ। ਰਾਵਣ ਬਹੁਤ ਵੱਡਾ ਵਿਦਵਾਨ ਸੀ ਪਰ ਉਸ ਨੇ ਸਾਧੂ ਬਣ ਕੇ ਛਲ-ਕਪਟ ਕੀਤਾ ਜਿਸ ਨੂੰ ਮਾਤਾ ਸੀਤਾ ਵੀ ਸਮਝ ਨਹੀਂ ਸਕੀ। ਇਹੀ ਛਲ ਰਾਵਣ ਹੀ ਨਹੀਂ, ਉਸ ਦੀ ਸੰਪੂਰਨ ਲੰਕਾ ਦੀ ਤਬਾਹੀ ਦਾ ਕਾਰਨ ਬਣ ਗਿਆ। ਰਾਵਣ ਆਪਣੇ ਵਿਦਵਾਨ ਹੋਣ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਨਹੀਂ ਕਰ ਸਕਿਆ। ਪਰਮਾਤਮਾ ਨੇ ਮਨੁੱਖ ਨੂੰ ਜੋ ਵੀ ਦਿੱਤਾ ਹੈ, ਉਸ ਦੇ ਹਿੱਤ ਅਤੇ ਉਸ ਦੇ ਮਾਧਿਅਮ ਨਾਲ ਮਨੁੱਖੀ ਸਮਾਜ ਦੀ ਭਲਾਈ ਲਈ ਹੀ ਦਿੱਤਾ ਹੈ। ਛਲ, ਕਪਟ ਵਿਚ ਨਾ ਤਾਂ ਮਨੁੱਖ ਦਾ ਹਿੱਤ ਸ਼ਾਮਲ ਹੈ, ਨਾ ਸਮਾਜ ਦਾ। ਪਰਮਾਤਮਾ ਨੇ ਮਨੁੱਖ ਲਈ ਜੋ ਨਿਰਧਾਰਤ ਕੀਤਾ ਹੈ, ਉਹ ਉਸ ਨੂੰ ਪ੍ਰਾਪਤ ਹੋਣਾ ਹੀ ਹੈ। ਛਲ, ਬਲ ਜ਼ਰੀਏ ਕੁਝ ਹਾਸਲ ਕਰਨ ਦਾ ਯਤਨ ਪਰਮਾਤਮਾ ਦੇ ਵਿਧਾਨ ਦਾ ਅਪਮਾਨ ਤੇ ਚੁਣੌਤੀ ਹੈ। ਹੋ ਸਕਦਾ ਹੈ ਕਿ ਸਮਾਜ ਤੋਂ ਛਲ ਲੁਕਿਆ ਰਹੇ ਪਰ ਪਰਮਾਤਮਾ ਤੋਂ ਨਹੀਂ ਲੁਕਾਇਆ ਜਾ ਸਕਦਾ। ਹੋ ਸਕਦਾ ਹੈ ਕਿ ਛਲ ਕਰਨ ਵਾਲਾ ਬਚਿਆ ਰਹੇ ਪਰ ਅਗਲੇ ਕਿਸੇ ਜਨਮ ਵਿਚ ਸਜ਼ਾ ਭੋਗਣੀ ਹੀ ਪੈਣੀ ਹੈ। ਵਿਕਾਰਾਂ ਦੇ ਅਧੀਨ ਪਾਪ ਤਾਂ ਮਨ ਨੇ ਕੀਤੇ। ਤਨ ਦਾ ਨਾਸ਼ ਹੋ ਗਿਆ, ਵਿਕਾਰ ਭੱਜ ਗਏ, ਜੀਵ ਆਤਮਾ ਇਕੱਲੀ ਰਹਿ ਜਾਦੀ ਹੈ। ਜਵਾਬਦੇਹ ਉਹੀ ਠਹਿਰਾਈ ਜਾਂਦੀ ਹੈ। ਮਨੁੱਖ ਖ਼ੁਦ ਅਰਥਾਤ ਆਪਣੇ ਆਤਮ ਤੱਤ ਨੂੰ ਪਛਾਣੇ ਅਤੇ ਪਰਮਾਤਮਾ ’ਤੇ ਭਰੋਸਾ ਰੱਖੇ ਤਾਂ ਛਲ, ਬਲ ਦੇ ਪਰਪੰਚ ਤੋਂ ਦੂਰ ਹੋ ਕੇ ਖ਼ੁਸ਼ ਰਹਿ ਸਕੇਗਾ।-ਡਾ. ਸਤਿੰਦਰ ਪਾਲ ਸਿੰਘ।