ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਮੁਹਿੰਮ: ਤਿੰਨ ਵੱਖ-ਵੱਖ ਥਾਣਿਆਂ ਵੱਲੋਂ 4 ਕਾਬੂ, ਡੋਪ ਟੈਸਟਾਂ ਨੇ ਖੋਲ੍ਹੀ ਪੋਲ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ।
Publish Date: Sat, 06 Jun 2026 11:43 AM (IST)
Updated Date: Sat, 06 Jun 2026 11:46 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ।
ਸੁੰਨਸਾਨ ਪੈਟਰੋਲ ਪੰਪ ਦੀਆਂ ਝਾੜੀਆਂ 'ਚੋਂ ਨਸ਼ੇ ਦੇ ਸਾਮਾਨ ਸਮੇਤ ਦਬੋਚਿਆ 'ਗੋਪੀ'
ਪੁਲਿਸ ਨੇ ਦੱਸਿਆ ਕਿ ਥਾਣਾ ਮਾਹਿਲਪੁਰ ਦੇ ਏ.ਐੱਸ.ਆਈ. ਰਸ਼ਪਾਲ ਸਿੰਘ ਆਪਣੀ ਟੀਮ ਸਮੇਤ ਗਸ਼ਤ ’ਤੇ ਸਨ ਅਤੇ ਮਾਹਿਲਪੁਰ ਤੋਂ ਟੂਟੋ ਮਜ਼ਾਰਾ ਵੱਲ ਜਾ ਰਹੇ ਸਨ। ਇਸ ਦੌਰਾਨ ਬੇਆਬਾਦ ਅਤੇ ਬੰਦ ਪਏ ਪੈਟਰੋਲ ਪੰਪ ਨੇੜੇ ਝਾੜੀਆਂ ਵਿੱਚ ਇੱਕ ਨੌਜਵਾਨ ਬੈਠਾ ਨਜ਼ਰ ਆਇਆ।
ਪੁਲਿਸ ਮੁਤਾਬਕ, ਪੁਲਿਸ ਕਰਮਚਾਰੀਆਂ ਨੂੰ ਗੱਡੀ ਵਿੱਚੋਂ ਉਤਰਦਾ ਦੇਖ ਕੇ ਉਹ ਨੌਜਵਾਨ ਘਬਰਾ ਗਿਆ ਅਤੇ ਆਪਣੇ ਹੱਥ ਵਿੱਚ ਫੜਿਆ ਇੱਕ ਕਾਲੇ ਰੰਗ ਦਾ ਮੋਮੀ (ਪੋਲੀਥੀਨ) ਲਿਫਾਫਾ ਤੁਰੰਤ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਮੌਕੇ ’ਤੇ ਹੀ ਦਬੋਚ ਲਿਆ।
ਜਦੋਂ ਪੁਲਿਸ ਨੇ ਝਾੜੀਆਂ ’ਚ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਸਿਲਵਰ ਪੇਪਰ (ਫੋਇਲ) ਜਿਸ ਉੱਪਰ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ, ਇੱਕ ਲਾਈਟਰ, ਇੱਕ ਨੀਲੇ ਰੰਗ ਦਾ ਬੋਤਲ ਦਾ ਢੱਕਣ ਅਤੇ ਨਸ਼ਾ ਖਿੱਚਣ ਲਈ ਰੋਲ ਕੀਤਾ ਹੋਇਆ 10 ਰੁਪਏ ਦਾ ਭਾਰਤੀ ਕਰੰਸੀ ਨੋਟ ਕਥਿਤ ਤੌਰ ’ਤੇ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਗੋਪਾਲ ਕੁਮਾਰ ਉਰਫ਼ ਗੋਪੀ ਪੁੱਤਰ ਰਜਿੰਦਰ ਕੁਮਾਰ ਵਾਸੀ ਲਕਸੀਹਾਂ ਵਜੋਂ ਹੋਈ।
ਮੁਖ਼ਬਰੀ ਦੇ ਅਧਾਰ ’ਤੇ ਰੇਡ, ਨਸ਼ੇ ਦੀ ਹਾਲਤ ’ਚ ਘੁੰਮਦੇ ਰਾਹੁਲ ਦਾ ਡੋਪ ਟੈਸਟ ਆਇਆ ਪਾਜ਼ੇਟਿਵ
ਇੱਕ ਹੋਰ ਕਾਰਵਾਈ ਵਿੱਚ ਬੁੱਲੋਵਾਲ ਪੁਲਿਸ ਨੇ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਪਿਆਲਾ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਥਾਣਾ ਬੁੱਲ੍ਹੋਵਾਲ ਦੇ ਏ.ਐੱਸ.ਆਈ. ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਦੇ ਸਬੰਧ ’ਚ ਅੱਡਾ ਨਸਰਾਲਾ ਵਿਖੇ ਮੌਜੂਦ ਸਨ।
ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਕਿ ਉਕਤ ਰਾਹੁਲ ਕਥਿਤ ਤੌਰ ’ਤੇ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ ਅਤੇ ਉਹ ਇਸ ਵੇਲੇ ਵੀ ਨਸ਼ੇ ਦੀ ਲੋਰ ਵਿੱਚ ਪਿੰਡ ਅੰਦਰ ਘੁੰਮ ਰਿਹਾ ਹੈ ਅਤੇ ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਰੇਡ ਕਰਕੇ ਰਾਹੁਲ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਉਸ ਦੀ ਤਲਾਸ਼ੀ ਦੌਰਾਨ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾ ਕੇ ਡੋਪ ਟੈਸਟ ਕਰਵਾਇਆ ਗਿਆ। ਪੁਲਿਸ ਮੁਤਾਬਕ ਡੋਪ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਭੱਠੇ ਦੇ ਲਿੰਕ ਰੋਡ ’ਤੇ ਦੋ ਨੌਜਵਾਨ ਕਾਬੂ, ਮੈਡੀਕਲ ਜਾਂਚ ’ਚ ਨਸ਼ੇ ਦੀ ਪੁਸ਼ਟੀ
ਉੱਧਰ, ਮੇਹਟੀਆਣਾ ਪੁਲਿਸ ਨੇ ਵੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਏ.ਐੱਸ.ਆਈ. ਕਰਨੈਲ ਸਿੰਘ ਆਪਣੀ ਟੀਮ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਬਿੱਲੇ ਦੇ ਭੱਠੇ ਤੋਂ ਫੁਗਲਾਣਾ ਲਿੰਕ ਰੋਡ 'ਤੇ ਰੇਡ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਉੱਥੋਂ ਕਰਨ ਪੁੱਤਰ ਕਸ਼ਮੀਰੀ ਲਾਲ ਵਾਸੀ ਅਜੜਾਮ ਅਤੇ ਅਸ਼ੋਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਪੰਡੋਰੀ ਕੱਦ ਨੂੰ ਕਾਬੂ ਕੀਤਾ ਗਿਆ। ਦੋਵਾਂ ਨੂੰ ਜਾਂਚ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਕਰਵਾਏ ਗਏ ਡੋਪ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ।